ਗਊਵੰਸ਼ਾਂ ਨੂੰ ਟਰਾਲੀਆਂ ''ਚ ਲੱਦ ਕੇ ਡੀ. ਸੀ. ਦਫਤਰ ਪੁੱਜੇ ਕਿਸਾਨ

12/13/2017 1:21:21 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਫਸਲਾਂ ਦੇ ਉਜਾੜੇ ਤੋਂ ਪ੍ਰੇਸ਼ਾਨ ਪਿੰਡ ਫਤਿਹਗੜ੍ਹ ਛੰਨਾ ਦੇ ਕਿਸਾਨ ਬੇਸਹਾਰਾ ਪਸ਼ੂਆਂ ਨੂੰ ਟਰਾਲੀਆਂ 'ਚ ਲੱਦ ਕੇ ਡੀ. ਸੀ. ਦਫਤਰ ਬਰਨਾਲਾ ਵਿਖੇ ਲੈ ਆਏ ਅਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਫੜੇ ਗਏ ਗਊਵੰਸ਼ਾਂ ਨੂੰ ਕਿਸੇ ਗਊਸ਼ਾਲਾ 'ਚ ਭੇਜਣ ਦੀ ਮੰਗ ਕੀਤੀ। 
ਪਿੰਡ 'ਚ ਬਣ ਗਿਐ ਟਕਰਾਅ ਵਾਲਾ ਮਾਹੌਲ 
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਆਪਣੇ ਖੇਤਾਂ 'ਚੋਂ ਬਾਹਰ ਕੱਢਦੇ ਹਨ ਤਾਂ ਇਹ ਜਿਸ ਖੇਤ 'ਚ ਦਾਖਲ ਹੋ ਜਾਂਦੇ ਹਨ, ਉਸ ਦਾ ਮਾਲਕ ਉਨ੍ਹਾਂ ਨਾਲ ਲੜਨ ਲੱਗ ਜਾਂਦਾ ਸੀ, ਜਿਸ ਕਾਰਨ ਪਿੰਡ 'ਚ ਟਕਰਾਅ ਵਾਲਾ ਮਾਹੌਲ ਬਣ ਗਿਆ। ਉਨ੍ਹਾਂ ਸਾਰੀ ਪੰਚਾਇਤ ਅਤੇ ਪਿੰਡ ਦੀਆਂ ਸਮਾਜਿਕ ਸੰਸਥਾਵਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਡੀ. ਸੀ ਦਫਤਰ ਬਰਨਾਲਾ 'ਚ ਲਿਜਾਇਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਕਿਸੇ ਗਊੁਸ਼ਾਲਾ 'ਚ ਭੇਜਿਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ 'ਚ ਭੇਜਣ ਲਈ ਪਹਿਲਾਂ ਵੀ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਾ ਹੈ ਪਰ ਉਕਤ ਮਸਲੇ ਦਾ ਹੱਲ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਟਰਾਲੀਆਂ 'ਚ ਲੱਦ ਕੇ ਲਿਆਉਣਾ ਪਿਆ। ਅੱਜ ਉਹ ਤਿੰਨ ਟਰਾਲੀਆਂ 'ਚ 17 ਬੇਸਹਾਰਾ ਪਸ਼ੂਆਂ ਨੂੰ ਲੈ ਕੇ ਡੀ. ਸੀ. ਦਫਤਰ ਪੁੱਜੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ, ਬਿੱਲੂ ਸਿੰਘ, ਹਰਪਾਲ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ। 
ਗਊਵੰਸ਼ਾਂ ਨੂੰ ਮਨਾਲ ਗਊਸ਼ਾਲਾ 'ਚ  ਭੇਜਿਆ ਗਿਐ :  ਡੀ. ਸੀ.
ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਊਵੰਸ਼ਾਂ ਨੂੰ ਮਨਾਲ ਗਊਸ਼ਾਲਾ 'ਚ ਭੇਜਿਆ ਗਿਆ ਹੈ। ਮਨਾਲ ਗਊਸ਼ਾਲਾ 'ਚ 800 ਗਊਵੰਸ਼ਾਂ ਲਈ ਸ਼ੈੱਡ ਬਣੇ ਹੋਏ ਹਨ। ਇਸ ਸਮੇਂ ਮਨਾਲ ਗਊਸ਼ਾਲਾ 'ਚ ਕਰੀਬ 1200 ਗਊਵੰਸ਼ ਹਨ। ਬਾਕੀ ਰਹਿੰਦੇ ਗਊਵੰਸ਼ਾਂ ਲਈ ਸ਼ੈੱਡ ਬਣਾਉਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ। 


Related News