ਮਾਰਨ ਦੀ ਨੀਅਤ ਨਾਲ ਫਾਇਰ ਕਰਨ ਅਤੇ ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ ''ਚ ਮਾਮਲਾ ਦਰਜ

09/22/2017 6:25:12 PM


ਫਿਰੋਜ਼ਪੁਰ/ਮਖੂ (ਕੁਮਾਰ/ਵਾਹੀ) - ਫਿਰੋਜ਼ਪੁਰ ਦੇ ਕਸਬਾ ਮਖੂ 'ਚ ਇਕ ਆਦਮੀ ਅਤੇ 2 ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਅਤੇ ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ ਵਿਚ ਥਾਣਾ ਮਖੂ ਦੀ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਏ. ਐਸ. ਆਈ. ਲਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਮੁਦੱਈ ਰਜਿੰਦਰ ਸਿੰਘ ਉਰਫ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਜ਼ੀਰਾ ਨੇ ਦੋਸ਼ ਲਗਾਇਆ ਕਿ ਜਦ ਉਹ ਆਪਣੇ ਕਮਰੇ 'ਚ ਸੁੱਤਾ ਸੀ ਤਾਂ ਉਸ ਨੂੰ ਅਚਾਨਕ ਗੋਲੀਆਂ ਚੱਲਣ ਦੀ ਅਵਾਜ ਸੁਣਾਈ ਦਿੱਤੀ। ਉਸਨੇ ਦੇਖਿਆ ਕਿ ਜੈਕੀ ਅਤੇ 2 ਹੋਰ ਅਣਪਛਾਤੇ ਆਦਮੀ ਬਾਹਰ ਖੜੇ ਸਨ, ਜਿਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਸਿੱਧਾ ਫਾਇਰ ਕਰ ਦਿੱਤਾ ਅਤੇ ਹੇਠਾਂ ਖੜੀ ਗੱਡੀ ਬਲੈਰੋ ਕੈਂਪਰ ਦੀ ਭੰਨਤੋੜ ਕਰਕੇ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਦੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News