ਅੰਮ੍ਰਿਤਸਰ-ਜਲੰਧਰ ਬਾਈਪਾਸ ''ਤੇ ਲਟ-ਲਟ ਕਰ ਕੇ ਸੜੀ ਗੱਡੀ

11/19/2017 12:56:12 AM

ਬਟਾਲਾ,  (ਬੇਰੀ, ਸੈਂਡੀ)-  ਅੱਜ ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੈਂਸਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਗੱਡੀ ਲਟ-ਲਟ ਕਰ ਕੇ ਬੁਰੀ ਤਰ੍ਹਾਂ ਨਾਲ ਸੜ ਗਈ। 
ਇਸ ਸਬੰਧੀ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੱਡੀ ਚਾਲਕ ਸਤਨਾਮ ਸਿੰਘ ਉਰਫ ਪੁੱਤਰ ਜੋਗਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਉਹ ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਬਾਈਪਾਸ ਦੇ ਰਾਸਤੇ ਤੋਂ ਉਮਰਪੁਰਾ ਵੱਲ ਆਪਣੀ ਲੈਂਸਰ ਗੱਡੀ ਨੰ. ਡੀ. ਐੱਲ-1ਐੱਚ-6604 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਸਥਿਤ ਬੀ. ਐੱਚ. ਰਿਜੋਰਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੇ ਕਾਰਨ ਉਸਨੇ ਬਹੁਤ ਮੁਸ਼ਕਲ ਨਾਲ ਗੱਡੀ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਸਤਨਾਮ ਸਿੰਘ ਨੇ ਅੱਗੇ ਦੱਸਿਆ ਕਿ ਗੱਡੀ ਦੀ ਵਾਇਰਿੰਗ ਸ਼ਾਟ ਹੋਣ ਕਾਰਨ ਗੱਡੀ ਨੂੰ ਅੱਗ ਲੱਗ ਗਈ, ਜੋ ਚਾਰੋਂ ਪਾਸੇ ਫੈਲਣ ਨਾਲ ਗੱਡੀ ਬੁਰੀ ਤਰ੍ਹਾਂ ਸੜ ਗਈ ਹੈ। 
ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਭਾਰੀ ਜੱਦੋ ਜਹਿਦ ਕਰਦੇ ਹੋਏ ਅੱਗ 'ਤੇ ਕਾਬੂ ਪਾਇਆ। ਅੱਗ ਬੁਝਾਉਣ ਦੌਰਾਨ ਬਾਈਪਾਸ 'ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ, ਜਿਸਦੇ ਬਾਅਦ ਵਿਚ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਟ੍ਰੈਫਿਕ ਇੰਚਾਰਜ ਲਖਵਿੰਦਰ ਸਿੰਘ ਅਤੇ ਪੁਲਸ ਟੀਮ ਨੇ ਅੱਗ ਬੁਝਾਉਣ ਦੇ ਬਾਅਦ ਆਵਾਜਾਈ ਚਾਲੂ ਕਰਵਾ ਦਿੱਤਾ।


Related News