ਘਰ ਤੋਂ ਕੰਮ ''ਤੇ ਗਏ ਨੌਜਵਾਨ ਦੀ ਮਿਲੀ ਲਾਸ਼

08/17/2017 8:03:34 AM

ਲੁਧਿਆਣਾ, (ਰਿਸ਼ੀ)- ਘਰ ਤੋਂ ਕੰਮ 'ਤੇ ਗਏ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ 'ਚ ਬਾੜੇਵਾਲ ਨਹਿਰ ਤੋਂ ਮਿਲੀ। ਫਿਲਹਾਲ ਇਸ ਮਾਮਲੇ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ 174 ਦੀ ਕਾਰਵਾਈ ਕੀਤੀ ਹੈ ਅਤੇ ਪੋਸਟਮਾਰਟਮ ਕਰਵਾ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਬ੍ਰਿਜ ਮੋਹਨ ਅਨੁਸਾਰ ਮ੍ਰਿਤਕ ਦੀ ਪਛਾਣ ਸੂਰਜ ਪੁਰੀ ਵਾਸੀ ਨਵੀਨ ਨਗਰ ਦੇ ਰੂਪ ਵਿਚ ਹੋਈ ਹੈ। ਸੂਰਜ ਐੱਮ. ਬੀ. ਡੀ. ਮਾਲ ਕੋਲ ਇਕ ਲੈਬ 'ਚ ਪੇਮੈਂਟ ਕੁਲੈਕਸ਼ਨ ਦਾ ਕੰਮ ਕਰਦਾ ਸੀ। ਮਾਲਕਾਂ ਨੇ ਉਸ ਨੂੰ ਮਾਰਕੀਟ ਜਾਣ ਲਈ ਕਾਰ ਵੀ ਦਿੱਤੀ ਹੋਈ ਸੀ। ਸੋਮਵਾਰ ਦੁਪਹਿਰ ਉਨ੍ਹਾਂ ਨੂੰ ਸੂਰਜ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਜਾਂਚ ਕਰਨ 'ਤੇ ਬਾੜੇਵਾਲ ਨਹਿਰ ਦੇ ਕੋਲ ਕਾਰ ਬਰਾਮਦ ਹੋ ਗਈ ਅਤੇ ਕਾਰ 'ਚ ਲੈਬ ਦੀ ਇਕੱਠੀ ਕੀਤੀ ਹੋਈ ਪੇਮੈਂਟ ਅਤੇ ਰਸੀਦ ਵੀ ਸੀ। ਰਾਤ 8 ਵਜੇ ਉਨ੍ਹਾਂ ਨੂੰ ਨਹਿਰ ਤੋਂ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਮੰਗਲਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ। ਜਿਸ ਤੋਂ ਪਤਾ ਲੱਗਾ ਕਿ ਮੌਤ ਡੁੱਬਣ ਕਾਰਨ ਹੋਈ। ਰਿਸ਼ਤੇਦਾਰਾਂ ਅਨੁਸਾਰ ਸੂਰਜ ਦਾ ਪਰਸ ਅਤੇ ਮੋਬਾਇਲ ਨਹੀਂ ਮਿਲਿਆ, ਉਨ੍ਹਾਂ ਨੂੰ ਸ਼ੱਕ ਹੈ ਕਿ ਲੁੱਟ ਦੀ ਨੀਅਤ ਨਾਲ ਵਾਰਦਾਤ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News