ਕੋਰਟ ਪਹੁੰਚੀ ਸਿੱਧੂ ਤੇ ਫਾਸਟ ਵੇਅ ਕੰਪਨੀ ਦੀ ਲੜਾਈ

08/17/2017 7:53:19 AM

ਲੁਧਿਆਣਾ, (ਹਿਤੇਸ਼)- ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੇ ਫਾਸਟ ਵੇਅ ਕੰਪਨੀ ਦੇ ਮਾਲਕਾਂ ਵਿਚਕਾਰ ਕਈ ਮੋਰਚਿਆਂ 'ਤੇ ਚੱਲ ਰਹੀ ਲੜਾਈ ਹੁਣ ਕੋਰਟ ਪਹੁੰਚ ਗਈ ਹੈ। ਜਿਸ ਤਹਿਤ ਫਿਰੋਜ਼ਪੁਰ ਰੋਡ 'ਤੇ ਸਥਿਤ ਮਾਲ ਵਿਚ ਹੋਏ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਲਈ ਨਗਰ ਨਿਗਮ ਵੱਲੋਂ ਜਾਰੀ ਨੋਟਿਸ ਨੂੰ ਪ੍ਰਬੰਧਕਾਂ ਨੇ ਹੇਠਲੀ ਅਦਾਲਤ ਵਿਚ ਚੈਲੇਂਜ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਵੀਰਵਾਰ ਨੂੰ ਸੁਣਵਾਈ ਹੋਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਵਿਧਾਇਕ ਬੈਂਸ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਸਿੱਧੂ ਨੇ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਕਾਰਨ ਨਿਗਮ ਅਫਸਰਾਂ ਦੀ ਟੀਮ ਨੇ ਸ਼ਨੀਵਾਰ ਨੂੰ ਮੌਕੇ 'ਤੇ ਜਾ ਕੇ ਪੈਮਾਇਸ਼ ਕੀਤੀ ਤਾਂ ਸਭ ਤੋਂ ਉਪਰਲੀ ਮੰਜ਼ਿਲ 'ਤੇ ਸ਼ੈੱਡ ਦੇ ਰੂਪ ਵਿਚ ਹੋਏ ਨਿਰਮਾਣ ਨੂੰ ਤੈਅ ਨਿਯਮਾਂ ਤੋਂ ਵੱਧ ਹੋਣ ਕਾਰਨ ਨਾਜਾਇਜ਼ ਕਰਾਰ ਦੇ ਦਿੱਤਾ, ਜਿਸ ਨੂੰ ਸੀਲ ਕਰਨ ਤੋਂ ਪਹਿਲਾਂ ਤਿੰਨ ਦਿਨ ਦਾ ਨੋਟਿਸ ਦਿੱਤਾ ਗਿਆ ਹੈ ਕਿ ਵਾਧੂ ਜਗ੍ਹਾ ਵਿਚ ਬਣੇ ਰੈਸਟੋਰੈਂਟ ਨੂੰ ਖੁਦ ਹਟਾ ਲਿਆ ਜਾਵੇ।
ਇਹ ਨੋਟਿਸ ਮਿਲਦੇ ਹੀ ਮਾਲ ਪ੍ਰਬੰਧਕਾਂ ਨੇ ਕੋਰਟ ਦਾ ਰੁਖ ਕਰ ਲਿਆ ਅਤੇ ਨਿਗਮ ਦੀ ਪ੍ਰਸਤਾਵਿਤ ਕਾਰਵਾਈ ਨੂੰ ਚੈਲੇਂਜ ਕੀਤਾ ਹੈ। ਉਨ੍ਹਾਂ 'ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਦੀ ਤਿਆਰੀ ਚਲ ਰਹੀ ਹੈ, ਜਿਸ ਨੂੰ ਲੈ ਕੇ ਕੋਰਟ ਨੇ ਨਿਗਮ ਨੂੰ ਵੀਰਵਾਰ ਨੂੰ ਪੱਖ ਰੱਖਣ ਲਈ ਕਿਹਾ ਹੈ।
ਸੁਣਵਾਈ ਅੱਜ
ਫਰੈਂਡਲੀ ਮੈਚ ਨੂੰ ਲੈ ਕੇ ਲੱਗੀ ਫਟਕਾਰ
ਜਗ ਬਾਣੀ ਨੇ ਪਹਿਲੇ ਹੀ ਦਿਨ ਖੁਲਾਸਾ ਕਰ ਦਿੱਤਾ ਸੀ ਕਿ ਕਾਰਵਾਈ ਨੂੰ ਲੈ ਕੇ ਮਾਲ ਪ੍ਰਬੰਧਕਾਂ ਤੇ ਨਿਗਮ ਅਫਸਰਾਂ ਵਿਚਕਾਰ ਫਰੈਂਡਲੀ ਮੈਚ ਚਲ ਰਿਹਾ ਹੈ। ਕਿਉਂਕਿ ਉਨ੍ਹਾਂ ਨੂੰ ਸਵੇਰੇ ਹੀ ਸਿੱਧੂ ਦੇ ਆਦੇਸ਼ ਮਿਲਣ ਦੇ ਬਾਵਜੂਦ ਮੌਕੇ 'ਤੇ ਜਾਣ ਵਿਚ ਕਈ ਘੰਟੇ ਲਾ ਦਿੱਤੇ। ਜਿਸ ਦੀ ਸੂਚਨਾ ਵੀ ਪਹਿਲਾਂ ਹੀ ਲੋਕਾਂ ਨੂੰ ਹੋ ਗਈ ਅਤੇ ਮਾਲ ਪ੍ਰਬੰਧਕਾਂ ਨੇ ਅਕਾਲੀ ਨੇਤਾਵਾਂ ਨੂੰ ਆਪਣੇ ਸਮਰਥਨ ਵਿਚ ਉਥੇ ਇਕੱਠਾ ਕਰ ਲਿਆ।  ਜਿਨ੍ਹਾਂ ਦੇ ਵਿਰੋਧ ਦਾ ਹਵਾਲਾ ਦਿੰਦੇ ਹੋਏ ਨਿਗਮ ਅਫਸਰਾਂ ਨੇ ਕਾਰਵਾਈ ਕੀਤੇ ਬਿਨਾਂ ਬੇਰੰਗ ਪਰਤਣ ਦਾ ਨਾਟਕ ਕੀਤਾ। ਇਥੋਂ ਤੱਕ ਕਿ ਮਾਲ ਪ੍ਰਬੰਧਕਾਂ ਨਾਲ ਕਾਰ ਵਿਚ ਬੈਠ ਕੇ ਗੱਲਬਾਤ ਵੀ ਕੀਤੀ। ਜਿਸ ਬਾਰੇ ਛਪੀ ਫੋਟੋ 'ਤੇ ਖਬਰ ਦਿਖਾ ਕੇ ਸਿੱਧੂ ਨੇ ਅਫਸਰਾਂ ਨੂੰ ਝਾੜ ਪਾਈ ਤਾਂ ਅਫਸਰਾਂ ਕੋਲ ਕੋਈ ਜਵਾਬ ਨਹੀਂ ਸੀ।


Related News