ਮਨਰੇਗਾ ਮਜ਼ਦੂਰਾਂ ਦੇ ਲੱਖਾਂ ਰੁਪਏ ਗਬਨ ਕਰਨ ਦੇ ਦੋਸ਼

06/26/2017 1:35:15 AM

ਅਬੋਹਰ,   (ਰਹੇਜਾ)— ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਅਮਰਪੁਰਾ ਦੇ ਸਰਪੰਚ ਅਮਰਦੇਵ ਗੰਗਪਾਰਿਆ ਸਣੇ ਪੰਚਾਇਤ ਮੈਂਬਰਾਂ ਅਤੇ ਪੰਚਾਇਤ ਸੈਕੇਟਰੀ 'ਤੇ ਲੱਖਾਂ ਰੁਪਏ ਹੜਪਣ ਦੇ ਕਥਿਤ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਨੇ ਡੀ. ਸੀ. ਸਮੇਤ ਹੋਰ ਉਚ ਅਧਿਕਾਰੀਆਂ ਤੋਂ ਸ਼ਿਕਾਇਤ ਕਰਦੇ ਹੋਏ ਪੰਚਾਇਤ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਅਮਰਪੁਰਾ ਦੇ ਸਰਪੰਚ 'ਤੇ ਪਿਛਲੇ ਕਾਫੀ ਦਿਨਾਂ ਤੋਂ ਸਰਕਾਰੀ ਰੁਪਇਆਂ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗ ਰਹੇ ਹਨ। 
ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਭਾਗਾ ਰਾਮ, ਪਟਵਾਰੀ ਰਾਮ ਉਰਫ ਸਤਪਾਲ, ਕ੍ਰਿਸ਼ਨ ਲਾਲ, ਰਾਜੇਸ਼ ਸਿੰਘ ਸਾਬਕਾ ਸਰਪੰਚ, ਰਾਜਿੰਦਰ ਸਿੰਘ ਸਾਬਕਾ ਪੰਚ, ਰਾਜਿੰਦਰ ਸਿੰਘ ਪੰਚ, ਮਿੱਠੂ ਰਾਮ ਪੰਚ, ਸਰਦਾਰਾ ਰਾਮ, ਓਮ ਪ੍ਰਕਾਸ਼ ਆਦਿ ਨੇ ਦੱਸਿਆ ਕਿ ਪਿੰਡ ਅਮਰਪੁਰਾ ਵਿਚ ਸਕੀਮ ਦੇ ਅਧੀਂਨ ਕੰਮ ਚਲਦਾ ਹੈ ਅਤੇ ਇਸਦੀ ਕਮੇਟੀ ਬਣਾਈ ਗਈ ਹੈ, ਜਿਸਦੀ ਦੇਖ-ਰੇਖ ਪਿੰਡ ਦਾ ਸਰਪੰਚ ਅਮਰਦੇਵ ਅਤੇ ਉਨ੍ਹਾਂ ਦੀ ਪਤਨੀ ਮਾਇਆ ਦੇਵੀ ਸਾਬਕਾ ਸਰਪੰਚ ਕਰ ਰਹੀ ਹੈ। ਸ਼ਿਕਾਇਤਕਰਤਾ ਮੁਤਾਬਕ ਮਨਰੇਗਾ ਸਕੀਮ ਵਿਚ ਪਿੰਡ ਪੰਚਾਇਤ, ਪੰਚਾਇਤ ਸੈਕੇਟਰੀ ਅਤੇ ਮਨਰੇਗਾ ਕਮੇਟੀ ਨੇ ਮਿਲੀਭੁਗਤ ਕਰ ਕੇ ਲੱਖਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਮਜ਼ਦੂਰ ਮਹਿੰਦਰ ਕੁਮਾਰ (ਰੋਜ਼ਗਾਰ ਕਾਰਡ ਨੰਬਰ 106) ਦੀ 2005 ਦੀ ਵਿਚ ਮੌਤ ਹੋ ਚੁੱਕੀ ਹੈ ਅਤੇ ਉਕਤ ਲੋਕ ਉਦੋਂ ਤੋਂ ਹੁਣ ਤਕ ਉਸਦੇ ਨਾਂ 'ਤੇ ਲੱਖਾਂ ਰੁਪਏ ਉਨ੍ਹਾਂ ਦੀ ਦਿਹਾੜੀ ਹੜਪ ਚੁੱਕ ਹਨ। ਇਸੇ ਤਰ੍ਹਾਂ ਪਿੰਡ ਦੇ ਕ੍ਰਿਸ਼ਨ ਲਾਲ, ਸੁਭਾਸ਼ ਚੰਦਰ, ਟੇਕਚੰਦ, ਪਟਵਾਰੀ ਰਾਮ ਪੁੱਤਰ ਬੇਹਰਾ ਰਾਮ ਰੁਕਮਾ ਰਾਣੀ, ਬਿਮਲਾ ਦੇਵੀ ਪਤਨੀ ਪ੍ਰਿਥਵੀਰਾਜ, ਪਾਲਾ ਰਾਮ ਪੁੱਤਰ ਧੰਨਾ ਰਾਮ, ਰੂਕਮਾ ਪਤਨੀ ਮਨੀ ਰਾਮ, ਦਲੀਪ ਕੁਮਾਰ ਪੁੱਤਰ ਰਾਜੂ ਰਾਮ ਦੇ ਨਾਂ 'ਤੇ ਦਿਹਾੜੀ ਪਾਲ ਕੇ ਰੁਪਏ ਖੁਦ ਹੜਪ ਲਏ ਹਨ।
ਸਰਪੰਚ 'ਤੇ ਮਨਮਾਨੀ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਵਾਟਰ ਵਰਕਸ ਦੀ ਥਾਂ 'ਤੇ ਜੰਗਲਾਤ ਵਿਭਾਗ ਵੱਲੋਂ ਬਗੈਰ ਅਨੁਮਤੀ ਲਏ ਅਤੇ ਬਿਨਾਂ ਕਿਸੇ ਯੋਜਨਾ ਦੇ ਉਲਟ ਦਰੱਖਤਾਂ ਨੂੰ ਉਖਾੜ ਲਿਆ ਗਿਆ, ਜਿਸਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿਚ ਵੀ ਘਪਲੇਬਾਜ਼ੀ ਦੇ ਵੀ ਦੋਸ਼ ਲਾਏ ਹਨ। ਪਿੰਡ ਵਿਚ ਗਲੀਆਂ ਅਤੇ ਨਾਲੀਆਂ ਬਣਵਾ ਕੇ ਕੰਮ ਵਿਚ ਸਾਲ 2010 ਤੋਂ 2017 ਤਕ ਜੋ ਕੰਮ ਹੋਇਆ ਉਸਦੀ ਰਕਮ ਜ਼ਿਆਦਾ ਲਿਖਾਈ ਗਈ ਹੈ, ਜਦਕਿ ਕੰਮ ਵੀ ਸੰਤੁਸ਼ਟੀਜਨਕ ਨਹੀਂ ਹੋਇਆ ਹੈ।
ਇਕ ਹੋਰ ਘਪਲੇ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ  ਸਰਕਾਰੀ ਹਾਈ ਸਕੂਲ ਵਿਚ 2 ਲੱਖ ਦੀ ਮਿੱਟੀ ਸੁੱਟਣ ਵਿਚ ਵੀ ਘਪਲੇਬਾਜ਼ੀ ਕੀਤੀ ਹੈ, ਜਦਕਿ ਕੰਮ 30 ਫੀਸਦੀ ਵੀ ਨਹੀਂ ਕੀਤਾ ਗਿਆ ਅਤੇ 70 ਫੀਸਦੀ ਦੀ ਰਕਮ ਫਰਜ਼ੀ ਬਿੱਲਾਂ ਰਾਹੀਂ ਹੜਪ ਲਈ। ਸ਼ਿਕਾਇਤਕਰਤਾ ਨੇ ਮਨਰੇਗਾ ਕਮੇਟੀ ਵਿਚ ਸ਼ਾਮਲ ਮੈਂਬਰਾਂ ਸਣੇ ਪੰਚਾਇਤ ਸੈਕੇਟਰੀ ਦੇ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਸਰਪੰਚ 
ਇਸ ਸੰਬਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਨਰੇਗਾ ਕਮੇਟੀ ਵੱਲੋਂ ਮਸਟ੍ਰੋਲ ਰਜਿਸਟਰ ਪੂਰਾ ਕਰਕੇ ਤੇ ਮਜ਼ਦੂਰੀ ਰਜਿਸਟਰ ਪੂਰਾ ਕਰਕੇ ਮਜ਼ਦੂਰੀ ਲਈ ਦਫਤਰ ਵਿਚ ਭੇਜ ਦਿੱਤਾ ਜਾਂਦਾ ਹੈ, ਉਥੇ ਸਿੱਧੇ ਹੀ ਮਜ਼ਦੂਰਾਂ ਦੇ ਬੈਂਕ ਖਾਤਿਆਂ 'ਚ ਰਕਮ ਚਲੀ ਜਾਂਦੀ ਹੈ।


Related News