ਫ਼ਸਲਾਂ ਦੇ ਨੁਕਸਾਨ ਦਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗਾ ਉਚਿਤ ਮੁਆਵਜ਼ਾ : ਸੁਨੀਲ ਜਾਖੜ

08/18/2017 7:15:16 AM

ਸ੍ਰੀ ਗੋਇੰਦਵਾਲ ਸਾਹਿਬ,  (ਰਾਜੂ, ਮਨਜੀਤ, ਹਰਜਿੰਦਰ ਰਾਏ)-  ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਦਰਿਆ ਬਿਆਸ ਨਾਲ ਲੱਗਦੇ ਪਿੰਡਾਂ ਧੂੰਦਾ ਅਤੇ ਮੁੰਡਾ ਪਿੰਡ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਪਾਣੀ ਦੀ ਮਾਰ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। 
ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਦਿਨੀਂ ਦਰਿਆ ਬਿਆਸ 'ਚ ਪਾਣੀ ਦੇ ਪੱਧਰ 'ਚ ਵਾਧਾ ਹੋਣ ਕਾਰਨ ਇਸ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਈਆਂ ਜ਼ਮੀਨਾਂ ਦੀ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇਗਾ। ਇਲਾਕੇ ਦੇ ਲੋਕਾਂ ਨੂੰ ਹਰ ਸਾਲ ਹੋਣ ਵਾਲੇ ਫ਼ਸਲਾਂ ਦੇ ਨੁਕਸਾਨ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ, ਜਿਸ ਨੂੰ ਲੈ ਕੇ ਪਿੰਡ ਧੂੰਦਾ ਤੋਂ ਘੜਕਾ ਤੱਕ ਲੰਬਾ ਬੰਨ੍ਹ ਬਣਾਉਣ ਬਾਰੇ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਮਾਹਿਰਾਂ ਦੀ ਰਾਏ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ 8 ਹਜ਼ਾਰ ਰੁਪਏ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤਾ ਹੈ।
ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਹੱਲ ਕਰਨ ਲਈ ਹਰ ਸਮੇਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪਾਣੀ ਦੀ ਮਾਰ ਹੇਠ ਆਈਆਂ ਫ਼ਸਲਾਂ ਦੇ ਨੁਕਸਾਨ ਦਾ ਕਿਸਾਨਾਂ ਨੂੰ ਉੱਚਿਤ ਮੁਆਵਜ਼ਾ ਦਿਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਗਿਰਦਾਵਰੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। 
ਇਸ ਮੌਕੇ ਜਸਵਿੰਦਰ ਸਿੰਘ ਪੀ. ਏ., ਜਰਮਨਜੀਤ ਕੰਡਾ ਪੀ. ਏ., ਹਰਪਾਲ ਸਿੰਘ ਜੌਹਲ ਪੀ. ਏ., ਹਰਪ੍ਰੀਤ ਸਿੰਘ ਹੈਪੀ ਪੀ. ਏ., ਸੁਬੇਗ ਸਿੰਘ ਧੁੰਨ, ਬਾਬਾ ਸਹਿਬ ਸਿੰਘ ਗੁਜਰਪੁਰ, ਅਜੀਤ ਸਿੰਘ ਹਾਂਗਕਾਂਗ, ਬਲਵੀਰ ਸਿੰਘ ਸ਼ਾਹ ਕਰਮੂਵਾਲਾ, ਬਲਕਾਰ ਸਿੰਘ ਚੋਹਲਾ, ਜਸਵਿੰਦਰ ਸਿੰਘ ਮੋਹਤਬਰ, ਗੁਰਪ੍ਰੀਤ ਕਾਹਲਵਾਂ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਮਨਜਿੰਦਰ ਸਿੰਘ ਗੁਜਰਪੁਰ, ਕੁਲਜੀਤ ਸਿੰਘ ਫਤਿਆਬਾਦ, ਕੁਲਵੰਤ ਸਿੰਘ ਚੇਅਰਮੈਨ ਭੈਲ, ਬਲਵਿੰਦਰ ਸਿੰਘ ਖਵਾਸਪੁਰ, ਪਰਦੀਪ ਕੁਮਾਰ ਚੋਪੜਾ, ਗੁਰਬਚਨ ਸਿੰਘ ਫੈਲੋਕੇ, ਜੱਸ ਲਾਲਪੁਰ, ਸੋਨੀ ਡਿਆਲ, ਗੁਰਮਹਾਬੀਰ ਸਿੰਘ ਸਰਹਾਲੀ, ਨਿਸ਼ਾਨ ਸਿੰਘ, ਫਤਹਿ ਸਿੰਘ, ਜਗੀਰ ਸਿੰਘ ਇੰਸਪੈਕਟਰ, ਮੇਜਰ ਸਿੰਘ ਮੰਮਣਕੇ, ਅਮਰਜੀਤ ਸਿੰਘ ਪਹਿਲਵਾਨ, ਸਰਤਾਜ ਸਿੰਘ ਰੇਸ਼ੀਆਣਾ, ਮੇਜਰ ਸਿੰਘ ਭੈਲ, ਰਮਨ ਮੁੰਡਾ ਪਿੰਡ, ਡਾ. ਕੀਰਤਨ ਮੁੰਡਾ ਪਿੰਡ, ਯਾਦਵਿੰਦਰ ਭੱਠਲ, ਸਿਕੰਦਰ ਸਿੰਘ ਵਰਾਣਾ, ਬੌਬੀ ਜਾਮਾਰਾਏ, ਗੁਰਪ੍ਰੀਤ ਸਿੰਘ ਕਾਹਲਵਾਂ ਆਦਿ ਹਾਜ਼ਰ ਸਨ।


Related News