ਨਾਜਾਇਜ਼ 5 ਮੰਜ਼ਿਲਾ ਇਮਾਰਤ ਖੜ੍ਹੀ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਕਰੇ ਕਾਰਵਾਈ

05/30/2017 11:30:29 AM

ਬਟਾਲਾ, (ਬੇਰੀ) — ਬਟਾਲਾ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮਨੋਹਰ ਸਿੰਘ ਮਠਾਰੂ ਨੇ ਆਪਣੇ ਸਾਥੀਆਂ ਹਰਿੰਦਰ ਸਿੰਘ, ਮਨਜੀਤ ਸਿੰਘ, ਲਖਵਿੰਦਰ ਰਾਣਾ, ਗੁਰਸ਼ਰਨ ਸਿੰਘ, ਇੰਦਰਜੀਤ ਸਿੰਘ, ਸਤਵੰਤ ਸਿੰਘ, ਕਰਮਜੀਤ ਸਿੰਘ, ਗੁਰਿੰਦਰ ਸਿੰਘ, ਰਵਿੰਦਰ ਸੋਨੀ ਦੀ ਹਾਜ਼ਰੀ ਵਿਚ ਦੱਸਿਆ ਕਿ ਸਰਕੂਲਰ ਰੋਡ ਬਟਾਲਾ ਵਿਖੇ ਕੰਵਲਜੀਤ ਸਿੰਘ ਵੱਲੋਂ ਇਕ ਪੰਜ ਮੰਜ਼ਿਲਾ ਕਮਰਸ਼ੀਅਲ ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਨਾਜਾਇਜ਼ ਹੈ ਕਿਉਂਕਿ ਨਗਰ ਕੌਂਸਲ ਬਟਾਲਾ ਵੱਲੋਂ ਉਨ੍ਹਾਂ ਨੂੰ ਕੇਵਲ ਬੇਸਮੈਂਟ 'ਤੇ ਫਸਟ ਫਲੋਰ ਬਣਾਉਣ ਦੀ ਆਗਿਆ ਦਿੱਤੀ ਗਈ ਸੀ ਪਰ ਉਨ੍ਹਾਂ ਸਰਕਾਰੀ ਨਿਯਮਾਂ ਨੂੰ ਤਾਕ 'ਤੇ ਰੱਖਦਿਆਂ ਇਮਾਰਤ ਨੂੰ 5 ਮੰਜ਼ਿਲਾ ਬਣਾ ਦਿੱਤਾ ਹੈ ਅਤੇ ਛੇਵੀਂ ਮੰਜ਼ਿਲ ਦੀ ਤਿਆਰੀ 'ਚ ਹੈ। ਮਨੋਹਰ ਸਿੰਘ ਮਠਾਰੂ ਨੇ ਅੱਗੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਦਾ ਮਾਣਯੋਗ ਅਦਾਲਤ ਵਿਚ ਕੇਸ ਵੀ ਪੈਂਡਿੰਗ ਹੈ ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਮਿਤ ਕੁਮਾਰ ਨੂੰ ਵੀ ਇਸ ਬਾਰੇ ਲਿਖਤੀ ਪੱਤਰ ਰਾਹੀਂ ਜਾਣੂ ਕਰਵਾਇਆ ਜਾ ਚੁੱਕਾ ਹੈ। ਮਨੋਹਰ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਜਲਦ ਯੋਗ ਕਾਰਵਾਈ ਅਮਲ ਵਿਚ ਲਿਆ ਕੇ ਉਨ੍ਹਾਂ ਨੂੰ ਇਨਸਾਫ ਦਿਵਾਏ।
ਕੀ ਕਹਿਣਾ ਹੈ ਕੰਵਲਜੀਤ ਸਿੰਘ ਦਾ
ਉਕਤ ਮਾਮਲੇ ਸਬੰਧੀ ਜਦੋਂ ਕੰਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਿਚ ਉਨ੍ਹਾਂ ਨੂੰ ਸਟੇਅ ਮਿਲਿਆ ਹੋਇਆ ਹੈ ਅਤੇ ਅਦਾਲਤ ਜੋ ਫੈਸਲਾ ਦੇਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। 
ਕੀ ਕਹਿਣਾ ਹੈ ਈ. ਓ. ਨਗਰ ਕੌਂਸਲ ਦਾ
ਉਕਤ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਬਟਾਲਾ ਦੇ ਈ. ਓ. ਮਨਮੋਹਨ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਵਲਜੀਤ ਸਿੰਘ ਨੇ ਜਿੰਨੀ ਮਨਜ਼ੂਰੀ ਲਈ ਸੀ, ਉਸ ਤੋਂ ਜ਼ਿਆਦਾ ਮੰਜ਼ਿਲਾਂ ਬਣਾਈਆਂ ਹਨ। ਇਸ ਸਬੰਧੀ ਹਾਊਸ 'ਚ ਮਤਾ ਪਾਸ ਕਰਨ ਲਈ ਵੀ ਲਿਖ ਕੇ ਦਿੱਤਾ ਗਿਆ ਹੈ ਅਤੇ ਜਦੋਂ ਵੀ ਹਾਊਸ ਦੀ ਮੀਟਿੰਗ ਹੋਵੇਗੀ, ਇਸ ਨੂੰ ਉਸ ਵਿਚ ਪਾਸ ਕਰ ਕੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।


Related News