ਤਹਿਸੀਲ ਕੰਪਲੈਕਸ ''ਚ ਨਹੀਂ ਮਿਲਦਾ ਪੀਣ ਵਾਲਾ ਪਾਣੀ

08/18/2017 6:25:03 PM

ਰੂਪਨਗਰ - ਮਿੰਨੀ ਸਕੱਤਰੇਤ ਦੇ ਤਹਿਸੀਲ ਕੰਪਲੈਕਸ 'ਚ 1 ਹਫਤੇ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਰੂਪਨਗਰ ਤਹਿਸੀਲ ਕੰਪਲੈਕਸ 'ਚ ਆਉਣ ਵਾਲੇ ਲੋਕਾਂ ਨੂੰ 1 ਹਫਤੇ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਲੋਕਾਂ ਨੇ ਦੱਸਿਆ ਕਿ ਪਾਣੀ ਪੀਣ ਲਈ ਕੰਪਲੈਕਸ ਦੇ ਬਾਹਰ ਜੋ ਇਕ ਟੂਟੀ ਲੱਗੀ ਹੈ, ਉਹ ਵੀ ਸਹੀ ਨਹੀਂ ਹੈ। ਇਸ ਤੋਂ ਇਲਾਵਾ ਸੇਵਾ ਕੇਂਦਰ 'ਚ ਬਣੇ ਬਾਥਰੂਮ 'ਚ ਵੀ ਪਾਣੀ ਨਹੀਂ ਹੈ ਤੇ ਜੋ ਡਸਟਬਿਨ ਰੱਖਿਆ ਹੈ, ਉਸ 'ਚ ਤੰਬਾਕੂ ਦੇ ਖਾਲੀ ਪੈਕੇਟ ਪਏ ਹਨ, ਜਦੋਂਕਿ ਸੇਵਾ ਕੇਂਦਰ ਦੇ ਬਾਹਰ ਪੁਰਸ਼ਾਂ ਲਈ ਬਣੇ ਬਾਥਰੂਮ 'ਚ ਗੰਦਗੀ ਹੀ ਗੰਦਗੀ ਹੈ ਤੇ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ।
ਇਸ ਮੌਕੇ ਜਾਮ ਸੀਵਰੇਜ ਨੂੰ ਦੇਖਣ ਤੋਂ ਇੰਝ ਲੱਗਾ, ਜਿਵੇਂ ਇਸ ਵੱਲ ਕਈ ਸਾਲਾਂ ਤੋਂ ਕਿਸੇ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ 'ਚ ਜਿਥੇ ਕੰਮ ਕਰਵਾਉਣ ਲਈ ਪੁੱਜਣ ਵਾਲੇ ਲੋਕ ਬੈਠਦੇ ਹਨ, ਉਥੇ ਪੱਖਾ ਵੀ ਬੰਦ ਪਿਆ ਹੈ।
ਜਲਦੀ ਹੱਲ ਹੋਵੇਗੀ ਸਮੱਸਿਆ : ਤਹਿਸੀਲਦਾਰ
ਇਸ ਸਬੰਧ 'ਚ ਜਦੋਂ ਤਹਿਸੀਲਦਾਰ ਰਾਜਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਲਈ ਸਬੰਧਤ ਜਲ ਸਪਲਾਈ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਸ਼ਾਮ ਤੱਕ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਪੱਖਾ ਠੀਕ ਕਰਵਾਉਣ ਲਈ ਵੀ ਫੋਰਮੈਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News