ਟੀਚਰ ਦੇ ਘਰ ਦਿਨ-ਦਿਹਾੜੇ ਚੋਰੀ

06/19/2017 7:41:39 AM

ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ. ਸਾਹਮਣੇ ਵਸੇ ਪਿੰਡ ਹੁਸੈਨਪੁਰ ਦੀ ਨਵੀਂ ਆਬਾਦ ਦੀ ਕਾਲੋਨੀ 'ਚ ਰਹਿੰਦੇ ਟੀਚਰ ਸੰਤ ਰਾਮ ਪੁੱਤਰ ਨਰੈਣ ਦਾਸ ਦੇ ਘਰ ਅੱਜ ਦਿਨ-ਦਿਹਾੜੇ ਚੋਰੀ ਦੀ ਘਟਨਾ ਵਾਪਰਨ ਦਾ ਸਮਾਚਾਰ ਮਿਲਿਆ ਹੈ। ਸੰਤ ਰਾਮ ਨੇ ਦੱਸਿਆ ਕਿ ਅੱਜ ਉਹ ਸਵੇਰੇ 10 ਵਜੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਾ ਕੇ ਸਤਿਸੰਗ ਸੁਣਨ ਲਈ ਗਏ ਸਨ ਤੇ ਜਦੋਂ ਉਨ੍ਹਾਂ ਵਾਪਸ ਆ ਕੇ ਘਰ ਦਾ ਮੇਨ ਤਾਲਾ ਖੋਲ੍ਹ ਕੇ ਅੰਦਰ ਵੜ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਬੀ ਦਾ ਮੇਨ ਤਾਲਾ ਤੋੜ ਕੇ ਚੋਰਾਂ ਵਲੋਂ ਘਰ ਅੰਦਰ ਪਈਆਂ ਅਲਮਾਰੀਆਂ ਨੂੰ ਤੋੜਿਆ ਗਿਆ ਸੀ ਤੇ ਖਿਲਰੇ ਪਏ ਸਾਮਾਨ ਨੂੰ ਫਰੋਲਣ ਉਪਰੰਤ ਵੇਖਿਆ ਕਿ 30 ਹਜ਼ਾਰ ਰੁਪਏ ਦੇ ਕਰੀਬ ਨਕਦੀ, 15 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਹੋਇਆ ਸੀ ਤੇ ਲੱਗਦਾ ਹੈ ਕਿ ਚੋਰ ਕੰਧ ਟੱਪ ਕੇ ਅੰਦਰ ਆਏ ਹਨ, ਜਿਨ੍ਹਾਂ ਆਰਾਮ ਨਾਲ ਘਰ ਤੇ ਅਲਮਾਰੀਆਂ ਦੇ ਤਾਲੇ ਤੋੜੇ ਤੇ ਤਸੱਲੀ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿਨ-ਦਿਹਾੜੇ ਘਰ 'ਚ ਵਾਪਰੀ ਚੋਰੀ ਦੀ ਘਟਨਾ ਦੀ ਲਿਖਤੀ ਸੂਚਨਾ ਨੇੜੇ ਪੈਂਦੀ ਪੁਲਸ ਚੌਕੀ ਨੂੰ ਦੇ ਦਿੱਤੀ ਹੈ। ਜਿਨ੍ਹਾਂ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਚੋਰੀ ਦੀ ਵਾਪਰੀ ਘਟਨਾ ਵਾਲੀ ਥਾਂ ਤੋਂ ਪੁਲਸ ਚੌਕੀ ਮਹਿਜ 1 ਕਿਲੋਮੀਟਰ ਦੂਰ ਹੈ ਤੇ ਚੋਰੀ ਦੀ ਉਕਤ ਘਟਨਾ ਕੋਈ ਨਵੀਂ ਘਟਨਾ ਨਹੀਂ ਹੈ । ਆਰ. ਸੀ. ਐੱਫ. ਦੇ ਅੰਦਰ ਤੇ ਬਾਹਰ ਵਾਲੀਆਂ ਕਾਲੋਨੀਆਂ ਤੇ ਪਿੰਡਾਂ 'ਚ ਚੋਰੀ ਦੀਆਂ ਘਟਨਾਵਾਂ ਰੋਜ਼ ਵਾਪਰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ-ਪ੍ਰਸ਼ਾਸਨ ਕੋਈ ਚੁਸਤੀ-ਫੁਰਤੀ ਨਹੀਂ ਵਿਖਾਉਂਦੀ, ਸਗੋਂ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਹੈ, ਜਦਕਿ ਪਬਲਿਕ ਪ੍ਰੇਸ਼ਾਨ ਹੈ।


Related News