ਜਗਤਾਰ ਮਾਮਲੇ ਨੂੰ ਲੈ ਕੇ ਵਿਵਾਦਾਂ ''ਚ ਢੇਸੀ, ਬੋਲੇ-ਮੈਨੂੰ ਹੋਰਾਂ ਬਾਰੇ ਵੀ ਸੋਚਣਾ ਪੈਂਦਾ ਹੈ

11/19/2017 12:10:43 PM

ਜਲੰਧਰ (ਭਾਸ਼ਾ)—ਯੂ. ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ 'ਚ ਹਨ। ਫੇਸਬੁੱਕ 'ਤੇ ਆਪਣੀ ਗੱਲ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਉਹ ਸਿਰਫ ਸਿੱਖਾਂ ਦੇ ਹੀ ਐੱਮ. ਪੀ. ਨਹੀਂ ਹਨ, ਉਨ੍ਹਾਂ ਨੂੰ ਹੋਰਾਂ ਬਾਰੇ ਵੀ ਸੋਚਣਾ ਪੈਂਦਾ ਹੈ। ਫੇਸਬੁੱਕ 'ਤੇ ਉਨ੍ਹਾਂ ਲਿਖਿਆ ਹੈ ਕਿ ਬਿਨਾਂ ਲੋਕਾਂ ਦੀਆਂ ਗੱਲ੍ਹਾਂ ਸੁਣੇ ਇਕ ਸੰਸਦ ਮੈਂਬਰ ਦੇ ਤੌਰ 'ਤੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਜੋ ਇਹ ਸੋਚਦੇ ਹਨ ਕਿ ਮੈਂ ਸਿਰਫ ਆਪਣੀ ਕੌਮ ਦੀਆਂ ਗੱਲਾਂ ਕਰਦਾ ਹਾਂ ਭਾਵੇਂ ਉਹ ਅੱਤਵਾਦੀ ਹੋਣ ਜਾਂ ਕੋਈ ਹੋਰ। ਮੇਰੀ ਹੀ ਕੌਮ ਦੇ ਲੋਕ ਮੇਰੀਆਂ ਕੋਸ਼ਿਸ਼ਾਂ ਨੂੰ ਕਾਫੀ ਨਹੀਂ ਮੰਨਦੇ। 
ਮੈਂ ਉਹੀ ਕੰਮ ਕਰਾਂਗਾ, ਜੋ ਮੈਂ ਠੀਕ ਸਮਝਦਾ ਹਾਂ
ਢੇਸੀ ਨੇ ਲਿਖਿਆ ਹੈ ਕਿ ਜਦੋਂ ਲੋਕ ਸਾਨੂੰ ਗਾਲ੍ਹਾਂ ਕੱਢਦੇ ਹਨ ਤਾਂ ਉਹ ਅਸਲ 'ਚ ਆਪਣੇ ਹੀ ਕੰਮ ਦਾ ਨੁਕਸਾਨ ਕਰਦੇ ਹਨ। ਮੈਂ ਉਹੀ ਕੰਮ ਕਰਾਂਗਾ, ਜਿਸ ਨੂੰ ਮੈਂ ਠੀਕ ਸਮਝਦਾ ਹਾਂ, ਬਜਾਏ ਇਸ ਦੇ ਕਿ ਕੋਈ ਮੈਨੂੰ ਆਪਣੀ ਸੋਚ ਮੁਤਾਬਕ ਚਲਾਵੇ। ਉਨ੍ਹਾਂ ਅੱਗੇ ਲਿਖਿਆ ਹੈ ਕਿ ਕੁਝ ਲੋਕ ਇਕ ਮੁੱਦੇ ਨੂੰ ਲੈ ਕੇ ਸਾਨੂੰ ਗਾਲ੍ਹਾਂ ਦਿੰਦੇ ਹਨ। ਇਕ ਸੰਸਦ ਮੈਂਬਰ ਹੋਣ ਦੇ ਨਾਤੇ ਸਾਡੇ ਕੋਲ ਇਕ ਹੀ ਸਮੇਂ ਅਨੇਕਾਂ ਅਜਿਹੇ ਮਾਮਲੇ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ, ਜਿਵੇਂ ਬੇਸਹਾਰਾ ਲੋਕ, ਗਰੀਬੀ ਨੂੰ ਦੂਰ ਕਰਨਾ, ਬੱਚਿਆਂ ਦਾ ਮੋਟਾਪਾ, ਚੌਗਿਰਦਾ, ਆਰਥਿਕ ਤਰੱਕੀ, ਮਜ਼ਦੂਰਾਂ ਦੇ ਹੱਕ, ਭੇਦਭਾਵ, ਜਾਤਵਾਦ, ਸੈਕਸ ਦੇ ਮੁੱਦੇ, ਕ੍ਰਿਸ਼ਚੀਅਨ, ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੇ ਮੁੱਦੇ, ਇਨਫ੍ਰਾਸਟਰੱਕਚਰ ਦੇ ਮੁੱਦੇ। ਇਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ। ਅਸਲ 'ਚ ਇਹ ਮੁੱਦੇ ਸਾਲਾਂ ਤਕ ਸੰਸਦੀ ਖੇਤਰ ਨੂੰ ਵੀ ਪ੍ਰਭਾਵਿਤ ਕਰਦੇ ਹਨ।  
ਨਿਯਮ ਮੁਤਾਬਕ ਲੋਕਲ ਐੱਮ. ਪੀ. ਨੂੰ ਹੀ ਮਾਮਲਾ ਉਠਾਉਣ ਦਾ ਅਧਿਕਾਰ
ਹੇਠਾਂ ਮੈਂ ਤੁਹਾਨੂੰ ਆਪਣੀ ਕੌਮ ਦੀ ਉਦਾਹਰਣ ਦਿੰਦਾ ਹਾਂ। ਜੋ ਲੋਕ ਚਾਹੁੰਦੇ ਹਨ ਕਿ ਬਿਨਾਂ ਸੰਸਦੀ ਨਿਯਮਾਂ ਨੂੰ ਜਾਣੇ ਮੈਂ ਸਕਾਟਲੈਂਡ ਦੇ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਉਠਾਵਾਂ, ਉਨ੍ਹਾਂ ਨੂੰ ਦੱਸ ਦੇਵਾਂ ਕਿ ਇਹ ਵੱਡਾ ਮਸਲਾ ਹੈ। ਜਗਤਾਰ ਸਿੰਘ ਜੌਹਲ ਦੇ ਇਲਾਕੇ ਦੇ ਇਕ ਸਥਾਨਕ ਐੱਮ. ਪੀ. ਨੇ ਪਹਿਲਾਂ ਹੀ ਬੁੱਧਵਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਇਕ ਜ਼ਰੂਰੀ ਸਵਾਲ ਤੇ ਮੁੱਦਾ ਉਠਾਇਆ ਹੈ। ਸਿਰਫ ਉਸ ਦਾ ਆਪਣਾ ਸੰਸਦ ਮੈਂਬਰ ਹੀ ਸਭ ਤੋਂ ਪਹਿਲਾਂ ਪਾਰਲੀਮੈਂਟ ਵਿਚ ਸਵਾਲ ਕਰ ਸਕਦਾ ਹੈ, ਉਹ ਵੀ ਸਪੀਕਰ ਨੂੰ ਬੇਨਤੀ ਕਰਨ ਤੋਂ ਬਾਅਦ। ਮੈਂ ਫਿਰ ਵੀ ਲਗਾਤਾਰ ਇਸ ਦਾ ਸਮਰਥਨ ਕਰਦਾ ਹਾਂ ਕਿਉਂਕਿ ਮੈਂ ਜਗਤਾਰ ਸਿੰਘ ਦਾ ਭਲਾ ਚਾਹੁਣ ਵਾਲਾ ਹਾਂ ਅਤੇ ਚਾਹੁੰਦਾ ਹਾਂ ਕਿ ਨਿਰਪੱਖ ਢੰਗ ਨਾਲ ਉਸ ਦੀ ਕਾਨੂੰਨੀ ਸਹਾਇਤਾ ਹੋਵੇ। 
ਸਿੱਖ ਐੱਮ. ਪੀ. ਕੁਝ ਨਹੀਂ ਕਰ ਰਿਹਾ 
ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਹੈ, ਮੇਰਾ ਸਟਾਫ ਅਤੇ ਮੈਂ ਵੀਕੈਂਡ 'ਤੇ ਵੀ ਇਸ ਬਾਰੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਦੇ ਹਾਂ ਅਤੇ ਉਸ ਨੂੰ ਮੀਡੀਆ 'ਚ ਸਮਾਜਿਕ ਮੁੱਦੇ ਵਜੋਂ ਉਠਾਉਂਦੇ ਹਾਂ। ਵਿਦੇਸ਼ ਸਕੱਤਰ ਅਤੇ ਹਾਈ ਕਮਿਸ਼ਨ ਨੂੰ ਐਕਸ਼ਨ ਲੈਣ ਲਈ ਅਪੀਲ ਕਰਦੇ ਹਾਂ। ਇਨ੍ਹਾਂ ਸਾਰੀਆਂ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਐਤਵਾਰ ਨੂੰ ਜਦੋਂ ਬਾਕੀ ਲੋਕ ਆਪਣੇ ਪਰਿਵਾਰਾਂ ਨਾਲ ਸਨ ਪਰ ਅਸੀਂ ਆਨਲਾਈਨ ਲੋਕਾਂ ਤੋਂ ਗਾਲ੍ਹਾਂ ਖਾ ਰਹੇ ਸੀ ਕਿ ਸਿੱਖ ਐੱਮ. ਪੀ. ਕੁਝ ਨਹੀਂ ਕਰ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਇਕ ਸੰਸਦ ਮੈਂਬਰ ਦਾ ਕੰਮ ਪ੍ਰਧਾਨ ਮੰਤਰੀ ਤੋਂ ਕੰਮ ਨੂੰ ਲੈ ਕੇ ਹੀ ਸਵਾਲ ਪੁੱਛਣੇ ਚਾਹੀਦੇ ਹਨ।
ਸੰਯੋਗ ਨਾਲ ਮੇਰਾ ਪਹਿਲਾ ਸਵਾਲ, ਜਿਸ ਨੂੰ ਪੁੱਛਣ ਦਾ ਮੈਂ ਮਹੀਨਿਆਂ ਤੋਂ ਯਤਨ ਕਰ ਰਿਹਾ ਸੀ। ਉਹ ਵੱਡੇ ਲੋਕਲ ਇਨਫ੍ਰਾਸਟਰੱਕਚਰ ਦਾ ਪ੍ਰਾਜੈਕਟ ਸੀ। ਇਸ ਸਵਾਲ ਨੂੰ ਮੇਰੇ ਸਾਹਮਣੇ ਮੇਰੇ ਹੀ ਇਲਾਕੇ ਦੇ ਲੋਕਾਂ ਵਲੋਂ ਬਹੁਤ ਵਾਰ ਪੇਸ਼ ਕੀਤਾ ਗਿਆ ਕਿਉਂਕਿ ਇਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੁੰਦੇ ਹਨ। ਅਸਲ ਵਿਚ ਹੀਥਰੋ ਨੂੰ ਜਾਣ ਵਾਲਾ ਵੈਸਟਰਨ ਰੇਲ ਲਿੰਕ, ਇਹ 800 ਮਿਲੀਅਨ ਪੌਂਡ ਦੀ ਆਰਥਿਕ ਡੀਲ ਸੀ, ਜਿਸ ਨਾਲ 42 ਹਜ਼ਾਰ ਨਵੇਂ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਨਾਲ ਵਾਤਾਵਰਣ 'ਚੋਂ ਕਾਰਬਨ ਡਾਈਆਕਸਾਈਡ ਦੀ ਇੰਨੀ ਬੱਚਤ ਹੋਵੇਗੀ, ਜਿੰਨੀ ਲੱਗਭਗ 30 ਮਿਲੀਅਨ ਮੀਲ ਰੋਡ 'ਤੇ ਇਕ ਸਾਲ 'ਚ ਪੈਦਾ ਹੁੰਦੀ ਹੈ। 
ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ 
ਇਹ ਗੱਲ ਸੱਚ ਹੈ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲਓ। ਮੈਂ ਬਹੁਤ ਥੋੜ੍ਹੇ ਸਮੇਂ ਵਿਚ ਬਹੁਤ ਸਾਰੇ ਸਿੱਖ ਮਸਲਿਆਂ 'ਤੇ ਕੰਮ ਕੀਤਾ ਅਤੇ ਮੈਂ ਇਨ੍ਹਾਂ ਮਸਲਿਆਂ 'ਤੇ ਆਪਣੇ ਢੰਗ ਨਾਲ ਕੰਮ ਕਰਦਾ ਰਹਾਂਗਾ।
ਇਨ੍ਹਾਂ ਹਾਲੀਆ ਗਾਲ੍ਹਾਂ ਦੇ ਸਬੰਧ ਵਿਚ ਜ਼ੋਰ ਦੇ ਕੇ ਮੈਸੇਜ ਦੇਣਾ ਚਾਹਾਂਗਾ ਕਿ ਪਿਛਲੇ 10 ਸਾਲਾਂ ਤੋਂ ਮੈਂ ਲੋਕਾਂ ਦੀ ਸੇਵਾ ਵਿਚ ਹਾਂ ਅਤੇ ਮੈਂ ਸਿਰਫ ਸਿੱਖਾਂ ਦਾ ਐੱਮ. ਪੀ. ਨਹੀਂ ਕਿ ਸਿਰਫ ਸਿੱਖਾਂ ਦੇ ਮਸਲੇ ਉਠਾਵਾਂ। ਅਜਿਹੀਆਂ ਨਾਂਹ-ਪੱਖੀ ਗੱਲਾਂ ਮੈਨੂੰ ਸਰਬੱਤ ਦਾ ਭਲਾ ਕਰਨ ਤੋਂ ਰੋਕ ਨਹੀਂ ਸਕਦੀਆਂ।  


Related News