ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ''ਤੇ ਕੱਸਾਂਗੇ ਸ਼ਿਕੰਜਾ : ਗਗਨਦੀਪ ਸੇਖੋਂ

06/25/2017 2:51:47 PM


ਜਲੰਧਰ(ਜਸਪ੍ਰੀਤ)-ਗਗਨਦੀਪ ਸਿੰਘ ਸੇਖੋਂ ਨੇ ਬੱਸ ਸਟੈਂਡ ਚੌਕੀ ਦਾ ਚਾਰਜ ਸੰਭਾਲਣ ਤੋਂ ਬਾਅਦ ਨਸ਼ਾ ਸਮੱਗਲਰਾਂ ਪ੍ਰਤੀ ਆਪਣੇ ਸਖ਼ਤ ਇਰਾਦੇ ਸਾਫ ਜ਼ਾਹਿਰ ਕਰ ਦਿੱਤੇ ਹਨ। ਇਕ ਖਾਸ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਸਮੱਗਲਰਾਂ ਤੇ ਗੈਂਗਸਟਰਾਂ 'ਤੇ ਨੱਥ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ 5 ਦੇ ਆਈ. ਪੀ. ਐੱਸ. ਅਧਿਕਾਰੀ ਡਾ. ਰਵਜੋਤ ਗਰੇਵਾਲ ਅਧੀਨ ਕੰਮ ਕਰਦਿਆਂ ਉਨ੍ਹਾਂ ਕਾਫੀ ਕੁਝ ਸਿੱਖਿਆ ਤੇ ਹੁਣ ਉਹ ਉਸ ਦੇ ਤਹਿਤ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਰਾਤ ਨੂੰ ਹੋਣ ਵਾਲੀ ਚੈਕਿੰਗ 'ਚ ਉਹ ਖੁਦ ਮੌਜੂਦ ਰਹਿਣਗੇ ਤੇ ਬੱਸ ਸਟੈਂਡ 'ਤੇ ਬਿਨਾਂ ਕਾਰਨ ਘੁੰਮਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣਗੇ। ਉਨ੍ਹਾਂ ਕਿਹਾ ਕਿ ਅੱਜਕਲ ਬੱਸ ਸਟੈਂਡ 'ਤੇ ਕਈ ਹਨੀ ਟਰੈਪ ਦੇ ਮਾਮਲੇ ਸਾਹਮਣੇ ਆਉਂਦੇ ਹਨ, ਇਸ ਲਈ ਅਜਿਹੇ ਮਾਮਲਿਆਂ 'ਤੇ ਵੀ ਤਿੱਖੀ ਨਜ਼ਰ ਰਹੇਗੀ। ਇਸ ਤੋਂ ਇਲਾਵਾ ਉਹ ਪੁਲਸ ਮੁਲਾਜ਼ਮਾਂ ਦੀ ਸਿਵਲ ਡਰੈੱਸ 'ਚ ਇਕ ਟੀਮ ਤਿਆਰ ਕਰਨਗੇ, ਜੋ ਹਰ ਸਮੇਂ ਬੱਸ ਸਟੈਂਡ ਦਾ ਮੁਆਇਨਾ ਕਰੇਗੀ। 
ਦੱਸਣਯੋਗ ਹੈ ਕਿ ਥਾਣਾ 5 'ਚ ਰਹਿੰਦਿਆਂ ਸਵੀਟੀ ਤੇ ਅਜੇਪਾਲ ਸਿੰਘ ਜਿਹੇ ਗੈਂਗਸਟਰਾਂ ਨੂੰ ਫੜਨ 'ਚ ਗਗਨਦੀਪ ਸਿੰਘ ਸੇਖੋਂ ਦੀ ਅਹਿਮ ਭੂਮਿਕਾ ਰਹੀ ਹੈ ਤੇ ਇਸ ਤੋਂ ਇਲਾਵਾ ਕਈ ਪੀ. ਓ. ਨੂੰ ਵੀ ਕਾਬੂ ਕੀਤਾ। ਸੇਖੋਂ ਨੇ ਕਿਹਾ ਕਿ ਪੁਲਸ ਕਮਿਸ਼ਨਰ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਉਹ ਪੂਰੀ ਈਮਾਨਦਾਰੀ ਤੇ ਮੁਸਤੈਦੀ ਨਾਲ ਨਿਭਾਉਣਗੇ।


Related News