ਡੱਬੇ ਸਮੇਤ ਮਠਿਆਈ ਤੋਲਣਾ ਪਵੇਗਾ ਮਹਿੰਗਾ, ਹੋਵੇਗਾ 10,000 ਜੁਰਮਾਨਾ

10/16/2017 2:51:25 AM

ਫਗਵਾੜਾ, (ਰੁਪਿੰਦਰ ਕੌਰ)- ਡੱਬੇ ਸਮੇਤ ਮਠਿਆਈ ਤੋਲਣ ਵਾਲੇ ਹਲਵਾਈਆਂ ਦੀ ਨਿਗਰਾਨੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਮੌਕੇ 'ਤੇ ਖਾਸ ਕਰਕੇ ਦੀਵਾਲੀ 'ਤੇ ਗਾਹਕਾਂ ਕੋਲੋਂ ਜ਼ਿਆਦਾ ਪੈਸੇ ਹੁਣ ਵਸੂਲੇ ਨਹੀਂ ਜਾਣਗੇ। ਜ਼ਿਆਦਾਤਰ ਦੇਖਿਆ ਗਿਆ ਹੈ ਕਿ ਦੁਕਾਨਦਾਰ ਡੱਬੇ ਸਮੇਤ ਹੀ ਮਠਿਆਈ ਨੂੰ ਤੋਲਦੇ ਹਨ, ਜਿਸ ਨਾਲ ਡੱਬੇ ਦਾ ਕਰੀਬ 200 ਗ੍ਰਾਮ ਵਜ਼ਨ ਮਠਿਆਈ ਦੇ ਰੇਟ ਦੇ ਨਾਲ ਗਾਹਕ ਕੋਲੋਂ ਲੈ ਲਿਆ ਜਾਂਦਾ ਹੈ, ਜਿਸ ਨਾਲ ਗਾਹਕ ਦੀ ਜੇਬ 'ਤੇ ਸ਼ਰੇਆਮ ਡਾਕਾ ਪੈ ਜਾਂਦਾ ਹੈ ਤੇ ਉਸਨੂੰ ਪਤਾ ਵੀ ਨਹੀਂ ਲੱਗਦਾ। 
ਨਾਪਤੋਲ ਅਧਿਕਾਰੀ ਕੱਸਣਗੇ ਨਕੇਲ- ਇਸ ਹੇਰਾਫੇਰੀ ਨੂੰ ਰੋਕਣ ਲਈ ਫਗਵਾੜੇ ਦੀ ਐੱਸ. ਡੀ. ਐੱਮ. ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਹਿਰ 'ਚ ਇਹੋ ਜਿਹੀ ਕੋਈ ਸ਼ਿਕਾਇਤ ਆਵੇਗੀ ਤਾਂ ਦੋਸ਼ੀ ਨੂੰ ਸਿੱਧਾ ਨਾਪਤੋਲ ਵਿਭਾਗ ਦੇ ਇੰਸਪੈਕਟਰ ਕੋਲ ਭੇਜਿਆ ਜਾਵੇਗਾ ਉਥੇ ਉਸਨੂੰ 70,000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਮਠਿਆਈ ਤੇ ਡੱਬਾ ਅਲੱਗ-ਅਲੱਗ ਤੋਲੇ ਹਲਵਾਈ- ਐੱਸ. ਡੀ.ਐੱਮ. ਜੋਤੀ ਬਾਲਾ ਮੱਟੂ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਦੁਕਾਨਦਾਰ ਪਹਿਲਾ ਡੱਬਾ ਤੋਲੇ ਤੇ ਬਾਅਦ 'ਚ ਮਠਿਆਈ ਤੇ ਡੱਬੇ ਦੇ ਵਜ਼ਨ ਦੀ ਵੱਖਰੀ ਮਠਿਆਈ ਪਾਵੇ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਬਾਰੇ ਗਾਹਕਾਂ ਨੂੰ ਵੀ ਚੁਕੰਨੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਹੋਰ ਪ੍ਰੇਸ਼ਾਨ ਨਾ ਹੋ ਸਕਣ।


Related News