ਸ਼ਹਿਰ ''ਚ ਬੇਸਹਾਰਾ ਪਸ਼ੂਆਂ ਦੀ ਭਰਮਾਰ, ਲੋਕਾਂ ''ਚ ਦਹਿਸ਼ਤ (ਤਸਵੀਰਾਂ)

07/23/2017 11:15:39 AM

ਗਿੱਦੜਬਾਹਾ - ਸ਼ਹਿਰ 'ਚ ਦਿਨੋ-ਦਿਨ ਬੇਸਹਾਰਾ ਪਸ਼ੂਆਂ ਦੀ ਭਰਮਾਰ ਘੱਟ ਹੋਣ ਦੀ ਬਜਾਏ ਵੱਧਦੀ ਹੀ ਜਾ ਰਹੀ ਹੈ, ਜਿਸ ਕਾਰਨ ਹਾਦਸੇ ਵੀ ਦਿਨੋ-ਦਿਨ ਵੱਧ ਰਹੇ ਹਨ। ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਜਾਂ ਤਾਂ ਕਈ ਲੋਕ ਅਪਾਹਿਜ ਹੋ ਚੁੱਕੇ ਹਨ ਜਾਂ ਤਾਂ ਜ਼ਿੰਦਗੀ ਹੀ ਗਵਾ ਬੈਠੇ ਹਨ। ਬੇਸਹਾਰਾ ਪਸ਼ੂਆਂ ਕਾਰਨ ਲੋਕ ਘਰੋਂ ਨਿਕਲਣ ਲੱਗੇ ਵੀ ਡਰਦੇ ਹਨ ਕਿ ਕਿਤੇ ਇਨ੍ਹਾਂ ਪਸ਼ੂਆਂ ਕਾਰਨ ਉਨ੍ਹਾਂ ਨਾਲ ਕੋਈ ਘਟਨਾ ਨਾ ਵਾਪਰ ਜਾਏ। ਸ਼ਹਿਰ ਦੀ ਹਰ ਗਲੀ, ਮੁਹੱਲੇ ਅਤੇ ਹਰ ਸੜਕ 'ਤੇ ਇਹ ਪਸ਼ੂ ਘੁੰਮਦੇ ਆਮ ਹੀ ਦੇਖੇ ਜਾ ਸਕਦੇ ਹਨ, ਜਦੋਂ ਇਹ ਪਸ਼ੂ ਆਪਸ 'ਚ ਲੜਦੇ ਹਨ ਤਾਂ ਪਤਾ ਨਹੀਂ ਕਿੰਨੇ ਕੁ ਵਾਹਨਾਂ ਦਾ ਨੁਕਸਾਨ ਕਰਦੇ ਹਨ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਪਸ਼ੂਆਂ ਕਾਰਨ ਆਰਥਿਕ ਪੱਖੋਂ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਹ ਪਸ਼ੂ ਗੰਦਗੀ 'ਚ ਆਮ ਹੀ ਮੂੰਹ ਮਾਰਦੇ ਦੇਖੇ ਜਾ ਸਕਦੇ ਹਨ।

PunjabKesari
ਸਬਜ਼ੀ ਵਿਕ੍ਰੇਤਾਵਾਂ ਦਾ ਕਰਦੇ ਨੇ ਨੁਕਸਾਨ
ਜਦੋਂ ਇਹ ਪਸ਼ੂ ਸਬਜ਼ੀ ਮੰਡੀ 'ਚ ਦਾਖਲ ਹੋ ਜਾਂਦੇ ਹਨ ਤਾਂ ਕਈ ਸਬਜ਼ੀ ਤੇ ਫਲ ਵਿਕ੍ਰੇਤਾਵਾਂ ਦੀਆਂ ਰੇਹੜੀਆਂ 'ਤੇ ਮੂੰਹ ਮਾਰਦੇ ਹਨ ਤੇ ਉਨ੍ਹਾਂ ਦਾ ਨੁਕਸਾਨ ਕਰਦੇ ਹਨ।
ਦੁਕਾਨਦਾਰਾਂ ਨੂੰ ਆਉਂਦੀ ਹੈ ਪ੍ਰੇਸ਼ਾਨੀ
ਕਈ ਵਾਰ ਜਦੋਂ ਦੁਕਾਨਦਾਰ ਆਪਣੇ ਸਾਮਾਨ ਦੀ ਵਿਕਰੀ ਲਈ ਕੁਝ ਚੀਜ਼ਾਂ ਦੁਕਾਨ ਦੇ ਬਾਹਰ ਰੱਖਦੇ ਹਨ ਤਾਂ ਇਹ ਪਸ਼ੂ ਆ ਕੇ ਉਨ੍ਹਾਂ ਦੇ ਸਾਮਾਨ ਦਾ ਨੁਕਸਾਨ ਕਰਦੇ ਹਨ, ਜਿਸ ਕਾਰਨ ਦੁਕਾਨਦਾਰਾਂ ਨੂੰ ਵੀ ਆਰਥਿਕ ਪੱਖੋਂ ਕਮਜ਼ੋਰ ਹੋਣਾ ਪੈਂਦਾ ਹੈ।
ਬਜ਼ੁਰਗਾਂ ਨੂੰ ਕਰਨਾ ਪੈਂਦੈ ਮੁਸ਼ਕਲਾਂ ਦਾ ਸਾਹਮਣਾ
ਜਦੋਂ ਕਈ ਵਾਰ ਘਰ ਦੇ ਬਜ਼ੁਰਗ ਘਰ ਲਈ ਖਾਣ ਦੀ ਸਮੱਗਰੀ ਲੈਣ ਲਈ ਬਾਜ਼ਾਰ ਜਾਂਦੇ ਹਨ ਤਾਂ ਇਹ ਪਸ਼ੂ ਉਨ੍ਹਾਂ ਦੇ ਹੱਥ 'ਚ ਫੜਿਆ ਲਿਫਾਫਾ ਖੋਹਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਕਈ ਵਾਰ ਬਜ਼ੁਰਗਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। 
ਬੱਚਿਆਂ ਨੇ ਘਰਾਂ ਤੋਂ ਬਾਹਰ ਖੇਡਣਾ ਕੀਤਾ ਬੰਦ
ਬੇਸਹਾਰਾ ਪਸ਼ੂਆਂ ਕਾਰਨ ਹੁਣ ਸ਼ਹਿਰ ਦੇ ਬੱਚੇ ਘਰੋਂ ਬਾਹਰ ਨਿਕਲ ਕੇ ਖੇਡਣ ਤੋਂ ਡਰਦੇ ਹਨ ਕਿਉਂਕਿ ਇਨ੍ਹਾਂ ਪਸ਼ੂਆਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਨੇ ਕਿੱਧਰੋਂ ਆ ਜਾਣਾ ਹੁੰਦਾ ਹੈ।

PunjabKesari
ਲੋਕਾਂ ਦੇ ਘਰਾਂ ਦੇ ਅੰਦਰ ਵੀ ਹੁੰਦੇ ਨੇ ਦਾਖਲ
ਕਈ ਵਾਰ ਬੇਸਹਾਰਾ ਪਸ਼ੂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਦੇਖ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਘਰ ਅੰਦਰ ਪਈਆਂ ਚੀਜ਼ਾਂ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਘਰ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਕਈ ਵਾਰ ਜਦੋਂ ਇਹ ਪਸ਼ੂ ਲੜਦੇ-ਲੜਦੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਾਂ ਪਰਿਵਾਰਿਕ ਮੈਂਬਰ ਪੂਰੀ ਤਰ੍ਹਾਂ ਖੌਫ 'ਚ ਆ ਜਾਂਦੇ ਹਨ। 
ਕੀਤਾ ਜਾਵੇ ਕੋਈ ਪੁਖਤਾ ਹੱਲ : ਗਿੱਦੜਬਾਹਾ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਪੁਖਤਾ ਹੱਲ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਉਹ ਆਰਾਮ ਨਾਲ ਬਿਨਾਂ ਡਰ ਤੋਂ ਘਰੋਂ ਬਾਹਰ ਨਿਕਲ ਸਕਣ।


Related News