ਹਰਿਮੰਦਰ ਸਾਹਿਬ ਦੇ ਬਾਰੇ ''ਚ ਗੱਲ ਕਰਦੇ ਭਾਵੁਕ ਹੋਏ ਸੁਨੀਲ ਸ਼ੈੱਟੀ, ਅੱਖਾਂ ''ਚ ਆਏ ਹੰਝੂ

08/19/2017 12:22:47 AM

ਚੰਡੀਗੜ੍ਹ  (ਹਰਲੀਨ ਕੌਰ)  - ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ, ਜਿਨ੍ਹਾਂ ਨੇ ਆਪਣੀ ਬਾਲੀਵੁੱਡ ਦੀ ਪਾਰੀ 90 ਦੇ ਦਹਾਕੇ ਤੋਂ ਸ਼ੁਰੂ ਕੀਤੀ ਸੀ, ਹੁਣ ਤਕ ਉਹ ਆਪਣੇ 25 ਸਾਲ ਦੇ ਕਰੀਅਰ 'ਚ 120 ਤੋਂ ਜ਼ਿਆਦਾ ਫਿਲਮਾਂ ਕਰ ਚੁੱਕੇ ਹਨ। ਹੁਣੇ ਜਿਹੇ ਆਪਣੇ ਜਨਮ ਦਿਨ 'ਤੇ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ 'ਚ ਆਪਣੀ ਪਤਨੀ ਨਾਲ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਚੰਡੀਗੜ੍ਹ ਨੇੜੇ ਇਕ ਪਹਾੜੀ ਇਲਾਕੇ 'ਚ ਵੀ ਰੁਕੇ, ਜਿਸ ਦੌਰਾਨ 'ਜਗ ਬਾਣੀ' ਨਾਲ ਹੋਈ ਖਾਸ ਮੁਲਾਕਾਤ 'ਚ ਸੁਨੀਲ ਸ਼ੈੱਟੀ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਬਾਲੀਵੁੱਡ ਕਰੀਅਰ 'ਤੇ ਖਾਸ ਗੱਲਬਾਤ ਕੀਤੀ।
* 1992 'ਚ ਫਿਲਮ 'ਬਲਵਾਨ' ਤੋਂ ਹੋਈ ਸ਼ੁਰੂਆਤ ਅਤੇ ਸਾਲ 2017 'ਚ 'ਏ ਜੈਂਟਲਮੈਨ', ਕੀ ਕਹੋਗੇ ਇਸ ਬਾਰੇ?
- ਮੇਰਾ ਇਹ ਸਫਰ ਬਹੁਤ ਹੀ ਬਿਹਤਰੀਨ ਰਿਹਾ, ਜਿਸ 'ਚ ਮੈਂ ਸਾਢੇ ਤਿੰਨ ਸਾਲ ਦੀ ਬ੍ਰੇਕ ਵੀ ਲਈ ਪਰ ਫੈਨਸ ਤੋਂ ਮਿਲਿਆ ਪਿਆਰ ਮੈਨੂੰ ਇਕ ਵਾਰ ਫਿਰ ਵੱਡੇ ਪਰਦੇ 'ਤੇ ਕੁਝ ਨਵਾਂ ਕਰਨ ਦੀ ਹਿੰਮਤ ਦੇ ਰਿਹਾ ਹੈ। ਨਾ ਸਿਰਫ ਫੈਨਸ ਸਗੋਂ ਮੈਂ ਮੀਡੀਆ ਦਾ ਵੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਇੰਨੀ ਮੁਹੱਬਤ ਦਿੱਤੀ। 'ਏ ਜੈਂਟਲਮੈਨ' ਫਿਲਮ 'ਚ ਮੇਰਾ ਕੈਮੀਓ ਰੋਲ ਹੈ, ਜੋ ਬਹੁਤ ਸਪੈਸ਼ਲ ਅਤੇ ਛੋਟਾ ਹੈ। ਤੁਸੀਂ ਸਾਰੇ ਇਸ ਨੂੰ ਜ਼ਰੂਰ ਪਸੰਦ ਕਰੋਗੇ। ਇਸ ਤੋਂ ਇਲਾਵਾ ਮੈਂ ਤਿੰਨ-ਚਾਰ ਫਿਲਮਾਂ 'ਚ ਹੋਰ ਵੀ ਤੁਹਾਨੂੰ ਜਲਦ ਹੀ ਦਿਖਾਈ ਦੇਵਾਂਗਾ।
* ਕਾਲੇ ਚਸ਼ਮੇ, ਲੰਬੇ ਕੋਟ ਦਾ ਟ੍ਰਂੈਡ ਸੈੱਟ ਕਰਨ ਵਾਲੇ ਸੁਨੀਲ ਸ਼ੈੱਟੀ ਨੇ ਦਾੜ੍ਹੀ ਵਧਾਉਣ ਬਾਰੇ ਕਿਵੇਂ ਸੋਚਿਆ?
- ਮੇਰੀ ਬ੍ਰੇਕ ਦੌਰਾਨ ਮੈਂ ਸ਼ੇਵ ਕਰਨਾ ਬੰਦ ਕਰ ਦਿੱਤਾ। ਮੇਰੀ ਦਾੜ੍ਹੀ ਨੂੰ ਦੇਖ ਕੇ ਸਾਰਿਆਂ ਨੇ ਕਿਹਾ ਕਿ ਇਹ ਮੈਨੂੰ ਜਚ ਰਹੀ ਹੈ। ਮੈਂ ਸ਼ੁਰੂ ਤੋਂ ਹੀ ਸਿੱਖਾਂ ਤੋਂ ਕਾਫੀ ਪ੍ਰਭਾਵਿਤ ਰਿਹਾ ਹਾਂ ਕਿਉਂਕਿ ਮੈਂ ਉਨ੍ਹਾਂ ਦੇ ਹਾਵ-ਭਾਵ, ਰੂਪ-ਰੇਖਾ ਨੂੰ ਪਸੰਦ ਕਰਦਾ ਆਇਆ ਹਾਂ। ਸ਼ਾਇਦ ਇਹੀ ਕਾਰਨ ਰਿਹਾ ਹੈ ਇਸ ਦੇ ਪਿੱਛੇ। ਫਿਰ ਦੇਖਦੇ ਹੀ ਦੇਖਦੇ ਮੈਂ ਟ੍ਰਂੈਡ ਸੈਟਰ ਨਾਲ ਜੁੜ ਗਿਆ। ਮੇਰੀ ਬੇਟੀ ਅਥੀਆ ਨੂੰ ਵੀ ਮੇਰੀ ਲੁਕ ਕਾਫੀ ਪਸੰਦ ਹੈ।
* ਅਜਿਹੀ ਕਿਹੜੀ ਵਜ੍ਹਾ ਹੈ, ਜੋ ਤੁਹਾਨੂੰ ਜਨਮ ਦਿਨ ਮਨਾਉਣ ਲਈ ਪੰਜਾਬ ਵੱਲ ਖਿੱਚ ਲਿਆਈ?
- ਇਸ ਪਿੱਛੇ ਇਕ ਹੀ ਵਜ੍ਹਾ ਹੈ ਅਤੇ ਉਹ ਹੈ ਹਰਿਮੰਦਰ ਸਾਹਿਬ। ਇਥੇ ਪਹੁੰਚਦੇ ਹੀ ਮੇਰੇ 'ਚ ਇਕ ਅਜੀਬ ਜਿਹੀ ਐਨਰਜੀ ਅਤੇ ਇਮੋਸ਼ਨਜ਼ ਆ ਜਾਂਦੇ ਹਨ। ਢਾਈ ਦਿਨ ਮੈਂ ਹਰਿਮੰਦਰ ਸਾਹਿਬ 'ਚ ਰਿਹਾ, ਉਥੇ ਦੋ ਤੋਂ ਤਿੰਨ ਵਾਰ ਮੱਥਾ ਟੇਕਣ ਲਈ ਜ਼ਰੂਰ ਜਾਂਦਾ ਸੀ। ਪਿਛਲੇ 4 ਸਾਲਾਂ ਤੋਂ ਮੈਂ ਆਪਣਾ ਜਨਮ ਦਿਨ ਮਨਾਉਣ ਲਈ ਇਥੇ ਆ ਰਿਹਾ ਹਾਂ। ਮੇਰੇ ਇਕ ਕਰੀਬੀ ਦੋਸਤ ਨੇ ਮੈਨੂੰ ਹਰਿਮੰਦਰ ਸਾਹਿਬ ਬਾਰੇ ਦੱਸਿਆ ਸੀ। ਇਥੋਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਥੇ ਸਾਰਿਆਂ ਨੂੰ ਸਨਮਾਨ ਦਿੱਤਾ ਜਾਂਦਾ ਹੈ, ਕੋਈ ਭੇਦਭਾਵ ਨਹੀਂ। ਇਸ ਜਗ੍ਹਾ 'ਤੇ ਆ ਕੇ ਮੈਨੂੰ ਸ਼ਾਂਤੀ ਮਿਲਦੀ ਹੈ। ਜੋ ਲੋਕ ਅਤੇ ਜਗ੍ਹਾ ਤੁਹਾਨੂੰ ਪ੍ਰਭਾਵਿਤ ਕਰੇ, ਤੁਹਾਨੂੰ ਹਮੇਸ਼ਾ ਉਥੇ ਜਾਣਾ ਚਾਹੀਦਾ ਹੈ। ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਖੁਦ ਦੇ ਸਕੂਨ ਲਈ ਮੈਂ ਇਥੇ ਆਪਣੇ ਜਨਮ ਦਿਨ 'ਤੇ ਨਤਮਸਤਕ ਹੁੰਦਾ ਹਾਂ। ਇਸੇ ਦੌਰਾਨ ਹਰਿਮੰਦਰ ਸਾਹਿਬ ਨਾਲ ਆਪਣੇ ਅਹਿਸਾਸ ਨੂੰ ਸਾਂਝਾ ਕਰਦੇ ਹੋਏ ਸੁਨੀਲ ਸ਼ੈੱਟੀ ਭਾਵੁਕ ਹੋ ਗਏ।
* ਤੁਹਾਡੀ ਸਾਢੇ ਤਿੰਨ ਸਾਲ ਦੀ ਬ੍ਰੇਕ ਦੀ ਵਜ੍ਹਾ ਕੀ ਰਹੀ?
- ਅਜਿਹਾ ਨਹੀਂ ਕਿ ਮੈਨੂੰ ਇਸ ਬ੍ਰੇਕ ਦੌਰਾਨ ਕੰਮ ਨਹੀਂ ਮਿਲਿਆ। ਕੁਝ ਬਹੁਤ ਹੀ ਜ਼ਿਆਦਾ ਡਿਵਾਈਨ ਸੀ, ਜਿਸ ਨੇ ਮੈਨੂੰ ਕੰਮ ਕਰਨ ਤੋਂ ਰੋਕਿਆ। ਇਸ ਸਾਲ ਮਾਰਚ 'ਚ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਅਚਾਨਕ ਮੈਨੂੰ ਕੰਮ 'ਚ ਫਿਰ ਤੋਂ ਦਿਲਚਸਪੀ ਹੋਣ ਲੱਗੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਮੇਰੇ ਪਿਤਾ ਨੂੰ ਉਸ ਸਮੇਂ ਮੇਰੀ ਲੋੜ ਸੀ ਅਤੇ ਇਹੀ ਵਜ੍ਹਾ ਸੀ ਕਿ ਮੇਰਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਸ਼ਾਇਦ ਭਗਵਾਨ ਵੀ ਇਹੀ ਚਾਹੁੰਦੇ ਸਨ ਕਿ ਮੈਂ ਉਸ ਸਮੇਂ ਆਪਣੇ ਪਿਤਾ ਨਾਲ ਰਹਾਂ। ਮੈਨੂੰ ਕੰਮ ਮੇਰੀ ਚੰਗਿਆਈ ਦੀ ਵਜ੍ਹਾ ਨਾਲ ਮਿਲਿਆ ਹੈ, ਨਾ ਕਿ ਸਕਸੈੱਸ ਅਤੇ ਫੇਲੀਅਰ ਦੀ ਵਜ੍ਹਾ ਨਾਲ।
* ਕੀ ਮਾਇਨੇ ਰੱਖਦੇ ਹਨ ਯੋਗਾ ਤੇ ਮੈਡੀਟੇਸ਼ਨ ਤੁਹਾਡੇ ਲਈ?
- ਹਾਂ, ਮੈਂ ਯੋਗਾ ਤੇ ਮੈਡੀਟੇਸ਼ਨ ਦੋਵੇਂ ਕਰਦਾ ਹਾਂ। ਜੇਕਰ ਮੈਂ ਪਹਾੜਾਂ 'ਚ ਹਾਂ, ਪੌਦੇ ਲਾ ਰਿਹਾ ਹਾਂ, ਰੇਨ ਵਾਟਰ ਹਾਰਵੈਸਟਿੰਗ ਕਰ ਰਿਹਾ ਹਾਂ ਤਾਂ ਇਹ ਸਾਰਾ ਮੇਰੇ ਲਈ ਇਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਹੈ। ਤੁਸੀਂ ਖੁਦ ਨੂੰ ਸਾਰਿਆਂ ਤੋਂ ਵੱਖ ਕਰ ਲਓ ਅਤੇ ਕੁਦਰਤ ਨਾਲ ਜੋੜ ਲਓ, ਇਹੀ ਮੈਡੀਟੇਸ਼ਨ ਹੈ।
* ਨੈਪੁਟਿਸਮ ਬਾਰੇ ਤੁਹਾਡਾ ਕੀ ਕਹਿਣਾ ਹੈ?
- ਬਹੁਤ ਜ਼ਿਆਦਾ ਨੈਪੁਟਿਸਮ, ਨੈਪੁਟਿਸਮ, ਨੈਪੁਟਿਸਮ ਕਿਹਾ ਜਾਂਦਾ ਹੈ। ਬੱਚਿਆਂ ਨੂੰ ਮੌਕਾ ਕਿਉਂ ਨਾ ਮਿਲੇ। ਸਟਾਰਸ ਕਿਡ ਬਚਪਨ ਤੋਂ ਆਪਣੇ ਮਾਂ ਜਾਂ ਪਾਪਾ ਨੂੰ ਦੇਖਦੇ ਆਉਂਦੇ ਹਨ। ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਕੀ ਗਲਤ ਹੈ। ਫਿਲਮੀ ਫ੍ਰਾਈਡੇ ਤਾਂ ਹਰ ਕਿਸੇ ਲਈ ਇਕੋ ਜਿਹਾ ਹੈ। ਫਿਰ ਭਾਵੇਂ ਉਹ ਸਟਾਰਸ ਕਿਡ ਜਾਂ ਫਿਰ ਕੋਈ ਹੋਰ ਹੋਵੇ। ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਇਕ ਹੀ ਗੱਲ ਕਹੀ ਹੈ ਕਿ ਚੰਗੇ ਫ੍ਰਾਈਡੇ ਨੂੰ ਤੁਸੀਂ ਖੁਦ ਸੰਭਾਲ ਸਕਦੇ ਹੋ ਪਰ ਬੁਰੇ ਫ੍ਰਾਈਡੇ ਲਈ ਤੁਹਾਨੂੰ ਆਪਣੀ ਕਮਰ ਕੱਸਣੀ ਪਵੇਗੀ। ਮੇਰਾ ਖੁਦ ਦਾ ਪ੍ਰੋਡਕਸ਼ਨ ਹਾਊਸ ਹੈ, ਜਿਥੇ ਮੈਂ ਨਵੇਂ ਬੱਚਿਆਂ ਨੂੰ ਮੌਕਾ ਦਿੰਦਾ ਹਾਂ ਤਾਂ ਫਿਰ ਆਪਣੇ ਬੱਚਿਆਂ ਨੂੰ ਕਿਉਂ ਨਹੀਂ, ਅੱਗੇ ਉਨ੍ਹਾਂ ਦੀ ਕਿਸਮਤ ਹੈ।
* ਕੀ ਅਸੀਂ ਆਉਣ ਵਾਲੇ ਸਮੇਂ 'ਚ ਅਥੀਆ ਸ਼ੈੱਟੀ ਤੇ ਬੇਟੇ ਆਹਾਨ ਅਤੇ ਤੁਹਾਨੂੰ ਇਕੱਠੇ ਦੇਖ ਸਕਦੇ ਹਾਂ?
- ਹਾਂ, ਹਾਂ ਕਿਉਂ ਨਹੀਂ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਆਪਣੇ ਬੇਟੇ ਤੇ ਬੇਟੀ ਨਾਲ ਕੰਮ ਜ਼ਰੂਰ ਕਰਾਂਗਾ, ਜਿਸ 'ਚ 70 ਫੀਸਦੀ ਮੇਰੇ ਬੱਚੇ ਕੰਮ ਕਰਨਗੇ ਅਤੇ ਮੈਂ 30 ਫੀਸਦੀ ਕਿਉਂਕਿ ਇਹ ਉਨ੍ਹਾਂ ਦਾ ਜ਼ਮਾਨਾ ਹੈ। ਮੈਂ ਆਪਣੇ ਕਰੀਅਰ ਨੂੰ ਨਹੀਂ ਸਗੋਂ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ 'ਚ ਵਿਸ਼ਵਾਸ ਰੱਖਦਾ ਹਾਂ।
* ਤੁਹਾਡੀ ਉਮਰ ਦੇ ਅਦਾਕਾਰ ਯੰਗ ਹੀਰੋਇਨਾਂ ਨਾਲ ਰੋਮਾਂਸ ਕਰ ਰਹੇ ਹਨ। ਕੀ ਇਹ ਸਹੀ ਹੈ?
- ਹਾਂ, ਕਿਤੇ ਇਹ ਸਹੀ ਵੀ ਹੈ ਪਰ ਕਿਤੇ ਨਹੀਂ ਵੀ, ਜਿਵੇਂ ਕਿ ਅਕਸ਼ੈ ਕੁਮਾਰ, ਸਲਮਾਨ ਖਾਨ ਤੇ ਹੋਰ ਵੀ ਕਈ ਅਜਿਹੇ ਅਦਾਕਾਰ ਹਨ, ਜੋ ਰੋਮਾਂਟਿਕ ਫਿਲਮਾਂ ਕਰ ਰਹੇ ਹਨ, ਉਨ੍ਹਾਂ ਦੀ ਫਿਲਮ 'ਚ ਰੋਮਾਂਸ ਦੇ ਨਾਲ-ਨਾਲ ਮੈਸੇਜ ਵੀ ਹੁੰਦਾ ਹੈ ਤਾਂ ਮੇਰੇ ਮੁਤਾਬਕ ਪਿਆਰ ਦੀਆਂ ਫਿਲਮਾਂ ਦੀ ਆਪਣੀ ਜਗ੍ਹਾ ਹੈ।
* ਆਪਣੇ 25 ਸਾਲ ਦੇ ਕਰੀਅਰ 'ਚ ਤੁਸੀਂ ਅੱਜ ਦੀਆਂ ਫਿਲਮਾਂ ਦੇ ਐਕਸ਼ਨ ਨੂੰ ਕਿੱਥੇ ਦੇਖਦੇ ਹੋ?
- ਮੈਂ, ਸੰਨੀ ਦਿਓਲ ਜਾਂ ਅਕਸ਼ੈ ਕੁਮਾਰ, ਜਦੋਂ ਐਕਸ਼ਨ ਫਿਲਮਾਂ ਕਰਦੇ ਸੀ, ਉਦੋਂ ਸਾਡੇ ਐਕਸ਼ਨ 'ਚ ਕਾਫੀ ਕੁਝ ਵੱਖਰਾ ਸੀ, ਜਿਵੇਂ ਕਿ ਸਾਡੀ ਲੁਕਸ, ਐਕਸ਼ਨ ਕਰਨ ਦੇ ਤਰੀਕੇ, ਹਰ ਐਕਸ਼ਨ 'ਚ ਖੁਦ ਤੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼। ਇਕ ਪਾਸੇ ਜੋ ਮੈਨੂੰ ਲੱਗਦਾ ਹੈ, ਉਹ ਹੈ ਸਾਡੀ ਮੈਨਲੀ ਲੁਕ। ਅੱਜ ਦੇ ਯੰਗ ਅਦਾਕਾਰਾਂ ਨੂੰ ਗਰੂਮ ਹੋਣ ਦੀ ਲੋੜ ਹੈ।
* ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਬਾਰੇ ਤੁਸੀਂ ਕੀ ਕਹੋਗੇ?
- ਸੰਜੇ ਦੱਤ ਇਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਬੇਮਿਸਾਲ ਇਨਸਾਨ ਵੀ ਹਨ। ਮੇਰੇ ਲਈ ਸੰਜੂ ਬਾਬਾ ਇਕ ਮਜ਼ਬੂਤ ਇਨਸਾਨ ਹਨ। ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਹੁਣ ਸਭ ਕੁਝ ਚੰਗਾ ਰਹੇ। ਫਿਲਮ 'ਭੂਮੀ' ਲਈ ਮੇਰੇ ਵਲੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ।


Related News