ਮੋਦੀ ਸਰਕਾਰ ਅਕਾਲੀ-ਭਾਜਪਾ ਗਠਜੋੜ ਨਾਲ ਮਿਲੀਭੁਗਤ ਕਰ ਕੇ ਸੂਬੇ ਦੇ ਬਾਰਡਰ ਖੇਤਰਾਂ ਦੇ ਫੰਡ ਰੋਕੇ ਬੈਠੀ ਹੈ : ਜਾਖੜ

11/18/2017 12:09:52 PM


ਪਠਾਨਕੋਟ/ਭੋਆ (ਸ਼ਾਰਦਾ, ਅਰੁਣ) - ਹਾਲ ਹੀ 'ਚ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜ਼ਿਲੇ 'ਚ ਆਪਣੀ ਮਹੱਤਵਪੂਰਨ ਫੇਰੀ ਦੌਰਾਨ ਵਿਸ਼ੇਸ਼ ਗੱਲਬਾਤ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨਾਲ ਮਿਲੀਭੁਗਤ ਕਰ ਕੇ ਮੋਦੀ ਸਰਕਾਰ ਇਸ ਬਾਰਡਰ ਖੇਤਰ ਦੇ ਲੋਕਾਂ ਦਾ ਫੰਡ ਰੋਕ ਕੇ ਬੈਠੀ ਹੋਈ ਹੈ, ਜੋ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯੂ. ਪੀ. ਏ. ਸਰਕਾਰ ਦੇ ਸਮੇਂ ਗੁਰਦਾਸਪੁਰ-ਪਠਾਨਕੋਟ ਅਤੇ ਸੂਬੇ ਦੇ ਹੋਰ ਬਾਰਡਰ ਜ਼ਿਲਿਆਂ ਨੂੰ ਮਿਲਦਾ ਸੀ। ਬਾਰਡਰ ਜ਼ਿਲੇ ਦੇ ਇਸ ਮੁੱਦੇ ਨੂੰ ਉਹ ਕੇਂਦਰ ਸਰਕਾਰ ਮੂਹਰੇ ਚੁੱਕਣਗੇ ਤਾਂ ਜੋ ਸੂਬੇ ਦੇ ਇਲਾਕੇ ਦੀ ਜਨਤਾ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ ਪਰ ਕੇਂਦਰ ਸਰਕਾਰ ਗੁਰਦਾਸਪੁਰ ਉਪ ਚੋਣ ਦੀ ਕਰਾਰੀ ਹਾਰ ਤੋਂ ਬੌਖਲਾਹਟ 'ਚ ਆ ਕੇ ਸਰਦ ਰੁਤ ਦਾ ਸੈਸ਼ਨ ਲੋਕ ਸਭਾ 'ਚ ਸ਼ੁਰੂ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ 'ਚ ਉਹ ਇਸ ਬਾਰਡਰ ਜ਼ਿਲੇ ਦੀ ਜਨਤਾ ਦੀ ਬੁਲੰਦ ਆਵਾਜ਼ ਬਣਨਗੇ।
 ਜਾਖੜ ਨੇ ਕਿਹਾ ਕਿ ਗੰਨੇ ਦੀ ਫਸਲ ਦਾ ਸਮਰਥਨ ਮੁੱਲ ਵੀ ਸੂਬਾ ਸਰਕਾਰ ਛੇਤੀ ਹੀ ਤਹਿ ਕਰ ਕੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਆਰਥਕ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦਾ ਗੰਨਾ ਉਤਪਾਦਕ ਕਿਸਾਨ ਹਰਿਆਣਾ ਵੱਲ ਨਾ ਦੇਖੇ ਕਿਉਂਕਿ ਹਰਿਆਣਾ ਸਰਕਾਰ ਨੇ ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਕੀਤਾ, ਜਦਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵੱਲ ਕਦਮ ਵਧਾਏ ਹਨ ਇਸ ਤੋਂ ਰਾਜ ਦੇ 10 ਲੱਖ 25 ਹਜ਼ਾਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਹੋ ਸਕੇਗੀ। ਜਦੋਂ ਜਾਖੜ ਦਾ ਧਿਆਨ ਦਿਵਾਉਂਦੇ ਹੋਏ ਇਸ ਹਲਕੇ ਤੋਂ ਸੰਸਦ ਮੈਂਬਰ ਰਹੇ ਸਵ. ਵਿਨੋਦ ਖੰਨਾ ਵੱਲੋਂ ਪੰਡੋਰੀ ਪਿੰਡ ਨੂੰ ਗੋਦ ਲੈਣ ਸਬੰਧੀ ਦੱਸਿਆ ਗਿਆ ਕਿ ਉਹ (ਜਾਖੜ) ਕਿਸ ਪਿੰਡ ਨੂੰ ਗੋਦ ਲੈਣ ਦੀ ਸੋਚ ਰਹੇ ਹਨ ਤਾਂ ਉਨ੍ਹਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ ਹਲਕੇ ਦੀ ਹੀ ਜਨਤਾ ਨੇ ਉਨ੍ਹਾਂ ਨੂੰ ਉਪ ਚੋਣਾਂ 'ਚ ਸੰਸਦ ਮੈਂਬਰ ਬਣਾ ਕੇ ਗੋਦ ਲੈ ਲਿਆ ਹੈ। ਉਹ ਖੁਦ ਇਸ ਲੋਕ ਸਭਾ ਹਲਕੇ ਦੀ ਜਨਤਾ ਵੱਲੋਂ ਗੋਦ ਲਏ ਗਏ ਹਨ।


Related News