ਗੁਰਦਾਸਪੁਰ ਉਪ ਚੋਣ ਤੋਂ ਵਿਹਲੇ ਹੁੰਦਿਆਂ ਹੀ ਜਾਖੜ ਨੇ ਸ਼ੈਲਜਾ ਨਾਲ ਕੀਤੀ ਮੁਲਾਕਾਤ

10/13/2017 6:15:20 AM

ਜਲੰਧਰ(ਧਵਨ)—ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਤੋਂ ਵਿਹਲੇ ਹੁੰਦਿਆਂ ਹੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਤੋਂ ਸੰਗਠਨ ਦੇ ਕੰਮਾਂ ਨੂੰ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਚੋਣ ਥਕਾਨ ਮਿਟਾਉਣ ਵੱਲ ਵੀ ਧਿਆਨ ਨਹੀਂ ਦਿੱਤਾ। ਕੱਲ ਹੀ ਗੁਰਦਾਸਪੁਰ ਉਪ ਚੋਣ ਲਈ ਪੋਲਿੰਗ ਸੰਪੰਨ ਹੋਈ ਸੀ। ਪਿਛਲੇ ਲੱਗਭਗ 15-20 ਦਿਨਾਂ ਤੋਂ ਜਾਖੜ ਲਗਾਤਾਰ ਗੁਰਦਾਸਪੁਰ 'ਚ ਹੀ ਆਪਣੀ ਚੋਣ ਮੁਹਿੰਮ 'ਚ ਹੋਰ ਕਾਂਗਰਸੀ ਨੇਤਾਵਾਂ ਨਾਲ ਡਟੇ ਹੋਏ ਸਨ। ਸਮਝਿਆ ਜਾ ਰਿਹਾ ਹੈ ਕਿ ਉਪ ਚੋਣਾਂ ਤੋਂ ਮੁਕਤ ਹੁੰਦਿਆਂ ਹੀ ਜਾਖੜ ਕੁਝ ਦਿਨਾਂ ਲਈ ਚੋਣ ਥਕਾਨ ਮਿਟਾਉਣਗੇ ਕਿਉਂਕਿ ਚੋਣ ਨਤੀਜੇ 15 ਅਕਤੂਬਰ ਨੂੰ ਐਲਾਨੇ ਜਾਣੇ ਹਨ। ਜਾਖੜ ਨੇ ਵੀਰਵਾਰ ਪੰਜਾਬ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਬਣਾਈ ਗਈ ਪੀ. ਆਰ. ਓ. ਕੁਮਾਰੀ ਸ਼ੈਲਜਾ ਨਾਲ ਮੁਲਾਕਾਤ ਕੀਤੀ। ਕੁਮਾਰੀ ਸ਼ੈਲਜਾ ਚੰਡੀਗੜ੍ਹ 'ਚ ਕਾਂਗਰਸ ਭਵਨ 'ਚ ਆਈ ਹੋਈ ਸੀ, ਜਿਥੇ ਜਾਖੜ ਅਤੇ ਸ਼ੈਲਜਾ ਦੀ ਮੁਲਾਕਾਤ ਹੋਈ। ਬੈਠਕ ਦੌਰਾਨ ਪਿਛਲੇ 10-15 ਦਿਨਾਂ ਤੋਂ ਰੁਕੀਆਂ ਪਈਆਂ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਚਰਚਾ ਹੋਈ ਅਤੇ ਇਹ ਫੈਸਲਾ ਲਿਆ ਗਿਆ ਕਿ ਕੇਂਦਰੀ ਲੀਡਰਸ਼ਿਪ ਦੇ ਨਿਰਦੇਸ਼ਾਂ ਨੂੰ ਦੇਖਦੇ ਹੋਏ 31 ਅਕਤੂਬਰ ਤਕ ਪਾਰਟੀ ਦੇ ਸੰਗਠਨਾਤਮਕ ਚੋਣਾਂ ਨੂੰ ਸੰਪੰਨ ਕਰ ਲਿਆ ਜਾਵੇਗਾ।  ਜਾਖੜ ਨੇ ਸ਼ੈਲਜਾ ਨੂੰ ਦੱਸਿਆ ਕਿ ਪਾਰਟੀ ਦੀ ਸਮੁੱਚੀ ਮਸ਼ੀਨਰੀ ਹੁਣ ਸੰਗਠਨਾਤਮਕ ਚੋਣਾਂ ਲਈ ਡਟ ਜਾਵੇਗੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਮੀਟਿੰਗ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਚਲ ਰਹੀ ਚੋਣ ਪ੍ਰਕਿਰਿਆ 'ਤੇ ਚਰਚਾ ਹੋਈ। ਸੂਬਾ ਕਾਂਗਰਸ ਵੱਲੋਂ ਸਾਰੇ ਜ਼ਿਲਿਆਂ ਦੇ ਚੋਣ ਅਧਿਕਾਰੀਆਂ ਨੂੰ ਵੀ ਸੰਗਠਨ ਚੋਣਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਜਾਖੜ ਵੱਲੋਂ ਜਲਦੀ ਹੀ ਸੰਗਠਨ 'ਚ ਸ਼ਾਮਲ ਕੀਤੇ ਜਾਣ ਵਾਲੇ ਨੇਤਾਵਾਂ ਦੇ ਨਾਵਾਂ ਦੀ ਸੂਚੀ  ਬਣਾ ਕੇ ਕੇਂਦਰੀ ਲੀਡਰਸ਼ਿਪ ਨੂੰ ਮਨਜ਼ੂਰੀ ਲਈ ਭੇਜੀ ਜਾਵੇਗੀ। ਇਸ ਸਬੰਧੀ ਜਾਖੜ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨਾਲ ਚਰਚਾ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਹਿਮਤੀ ਲੈਣ ਤੋਂ ਬਾਅਦ ਸੂਚੀ ਕੇਂਦਰ ਨੂੰ ਭੇਜ ਦਿੱਤੀ ਜਾਵੇਗੀ। ਕੁਝ ਜ਼ਿਲਾ ਇਕਾਈਆਂ 'ਚ ਫੇਰਬਦਲ ਵੀ ਹੋਣ ਦੇ ਆਸਾਰ ਹਨ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਹੁਣ ਅਗਲੇ 15-20 ਦਿਨਾਂ 'ਚ ਸੰਗਠਨ ਨੂੰ ਲੈ ਕੇ ਪਾਰਟੀ ਦੀਆਂ ਗਤੀਵਿਧੀਆਂ 'ਚ ਕਾਫੀ ਤੇਜ਼ੀ ਆ ਜਾਵੇਗੀ।


Related News