ਦੀਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਦੀਪਮਾਲਾ (ਤਸਵੀਰਾਂ)

10/20/2017 3:03:00 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਦੀਵਾਲੀ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ। ਇਥੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰ ਹੋਈ। ਸੰਗਤ ਲਈ ਦਿਨ ਸਮੇਂ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਰਾਗੀ, ਢਾਡੀ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ। ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਰਾਹੀ ਵੱਖ-ਵੱਖ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਅਤੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵੀ ਸੁੰਦਰ ਦੀਪਮਾਲਾ ਕੀਤੀ ਗਈ।

PunjabKesari

ਦੀਵਾਲੀ ਸਬੰਧੀ ਗੁਰਦੁਆਰਿਆਂ ਨੂੰ ਬਿਜਲਈ ਰੌਸ਼ਨੀਆਂ ਨਾਲ ਸਜਾਇਆ ਗਿਆ ਉੱਥੇ ਹੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪ੍ਰਕਰਮਾ ਵਿਚ ਮੋਮਬੱਤੀਆਂ ਅਤੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਅਤੇ ਦੇਰ ਰਾਤ ਤੱਕ ਸੰਗਤ ਦੀਆਂ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪੁਖਤਾ ਪ੍ਰਬੰਧਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਸ ਪ੍ਰਸ਼ਾਸਨ ਦਾ ਪ੍ਰਬੰਧ ਵੀ ਲੋਕਾਂ ਦੀ ਸੁਰੱਖਿਆ ਲਈ ਕੀਤਾ ਹੋਇਆ ਸੀ।

PunjabKesari

ਥਾਂ-ਥਾਂ ਸਜੀਆ ਰੰਗੋਲੀਆਂ 
ਦੀਵਾਲੀ ਦੇ ਤਿਉਹਾਰ ਵਾਲੇ ਦਿਨ ਵੱਖ-ਵੱਖ ਥਾਵਾਂ 'ਤੇ ਰੰਗੋਲੀਆਂ ਬਣਾਈਆਂ ਗਈਆਂ। ਰੰਗ ਬਿਰੰਗੇ ਰੰਗਾਂ ਨਾਲ ਬਣਾਈਆਂ ਰੰਗੋਲੀਆਂ ਵਿਚ ਦੀਵੇ ਵੀ ਜਗਾਏ ਹੋਏ ਸਨ। ਰੰਗੋਲੀਆਂ ਦੀਵਾਲੀ ਦੇ ਇਸ ਤਿਉਹਾਰ ਵਿਚ ਹੋਰ ਰੌਸ਼ਨੀਆਂ ਭਰਦੀਆਂ ਨਜ਼ਰ ਆਈਆ।


Related News