ਖਹਿਰਾ ਦੀ ਅਗਵਾਈ ''ਚ ''ਆਪ'' ਵਿਧਾਇਕਾਂ ਵਲੋਂ ਸਪੀਕਰ ਨਾਲ ਮੁਲਾਕਾਤ

11/19/2017 6:22:38 AM

ਚੰਡੀਗੜ੍ਹ(ਸ਼ਰਮਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇਕ ਵਫ਼ਦ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਦੀਆਂ ਸਾਲ 'ਚ ਘੱਟੋ-ਘੱਟ 40 ਬੈਠਕਾਂ ਆਯੋਜਿਤ ਕਰਨ ਤੇ ਵਿਧਾਨ ਸਭਾ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਦੀ ਮੰਗ ਕੀਤੀ।
ਖਹਿਰਾ ਵੱਲੋਂ ਵਿਧਾਇਕ ਕੰਵਰ ਸੰਧੂ, ਰੁਪਿੰਦਰ ਕੌਰ ਰੂਬੀ, ਪਿਰਮਲ ਸਿੰਘ ਖਾਲਸਾ ਤੇ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਸਪੀਕਰ ਨੂੰ ਸੌਂਪੇ ਗਏ ਮੰਗ-ਪੱਤਰ 'ਚ ਕਿਹਾ ਗਿਆ ਹੈ ਕਿ 1952 ਤੋਂ 1977 ਤੱਕ ਦੀ ਵਿਧਾਨ ਸਭਾ ਦੀ ਕਾਰਵਾਈ ਦਾ ਅਧਿਐਨ ਕਰਨ ਤੋਂ ਸਾਫ਼ ਹੋ ਜਾਂਦਾ ਹੈ ਕਿ ਉਸ ਸਮੇਂ ਅੱਜ ਦੇ ਮੁਕਾਬਲੇ ਵਿਧਾਨ ਸਭਾ ਦੀਆਂ ਸਾਲ 'ਚ ਬੈਠਕਾਂ ਕਿਤੇ ਜ਼ਿਆਦਾ ਹੁੰਦੀਆਂ ਸਨ। 1960 ਤੋਂ 1966 ਦਰਮਿਆਨ ਵਿਧਾਨ ਸਭਾ ਦੀਆਂ ਪ੍ਰਤੀ ਸਾਲ ਲੜੀਵਾਰ 55, 37, 44, 54, 56, 67, ਤੇ 32 ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਵਿਧਾਨ ਸਭਾ ਦੀ ਕਾਰਵਾਈ ਦੇ ਇਤਿਹਾਸ 'ਤੇ ਨਜ਼ਰ ਪਾਉਣ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵਿਧਾਇਕਾਂ ਨੂੰ ਬਹਿਸ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਸਨ ਤੇ ਖੁਦ ਘੰਟਿਆਂ ਬੱਧੀ ਬਹਿਸ ਦਾ ਜਵਾਬ ਦਿੰਦੇ ਹਨ, ਜਿਸ ਕਾਰਨ ਵਿਧਾਨ ਸਭਾ 'ਚ ਖਲਲ ਦੀਆਂ ਸੰਭਾਵਨਾਵਾਂ ਵੀ ਘੱਟ ਹੁੰਦੀਆਂ ਸਨ। ਪੱਤਰ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਵੀ ਕਾਰਵਾਈ 'ਚ ਰੁਕਾਵਟ ਤੇ ਖਲਲ ਸਿਰਫ ਇਸ ਕਾਰਨ ਹੀ ਪਿਆ ਕਿ ਮੈਂਬਰਾਂ ਨੂੰ ਜਨਹਿੱਤ ਦੇ ਮਾਮਲੇ ਸਦਨ 'ਚ ਉਠਾਉਣ ਦਾ ਸਮਾਂ ਨਹੀਂ ਦਿੱਤਾ ਗਿਆ। ਅੱਜ ਵੀ ਪੰਜਾਬ ਸਾਹਮਣੇ ਕਿਸਾਨਾਂ ਦੀਆਂ ਖੁਦਕੁਸ਼ੀਆਂ, ਕਿਸਾਨਾਂ ਵੱਲੋਂ ਪਰਾਲੀ ਸਾੜਨ ਵਰਗੇ ਭਖਦੇ ਮੁੱਦਿਆਂ ਤੋਂ ਇਲਾਵਾ ਵੱਖ-ਵੱਖ ਕਮਿਸ਼ਨਾਂ ਤੇ ਕਮੇਟੀਆਂ ਦੀਆਂ ਰਿਪੋਰਟਾਂ 'ਤੇ ਚਰਚਾ ਕਰਨਾ ਜ਼ਰੂਰੀ ਹੈ।
ਵਫ਼ਦ ਨੇ ਆਪਣੇ ਮੰਗ-ਪੱਤਰ 'ਚ ਦਿੱਲੀ, ਕੇਰਲ ਤੇ ਪ੍ਰਦੇਸ਼ ਵਿਧਾਨ ਸਭਾ ਸਭਾਵਾਂ ਦੀ ਤਰਜ਼ 'ਤੇ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਦੀ ਵੀ ਮੰਗ ਕੀਤੀ ਤਾਂ ਕਿ ਲੋਕ ਆਪਣੇ ਪ੍ਰਤੀਨਿਧੀਆਂ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਸਕਣ।


Related News