ਗੁਰਦਾਸਪੁਰ ''ਚ ਹਾਰ ਦੀ ਜ਼ਿੰਮੇਵਾਰੀ ਲੈਣ ਸੁਖਬੀਰ, ਮਜੀਠੀਆ ਨੂੰ ਹਟਾਉਣ : ਸੁਖਜਿੰਦਰ ਰੰਧਾਵਾ

10/18/2017 7:25:46 AM

ਚੰਡੀਗੜ੍ਹ - ਗੁਰਦਾਸਪੁਰ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ੰਪੰਜਾਬ ਕਾਂਗਰਸ ਨੇ ਅਕਾਲੀ ਦਲ 'ਤੇ ਸਿਆਸੀ ਹਮਲੇ ਤੇਜ਼ ਕਰ ਦਿੱਤੇ ਹਨ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਉਪ ਚੋਣ ਵਿਚ ਕਾਂਗਰਸ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਅਕਾਲੀ-ਭਾਜਪਾ ਗਠਜੋੜ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਣ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਕੇ ਸੂਬੇ ਦੀ ਸਿਆਸਤ ਨੂੰ ਸਾਫ-ਸੁਥਰਾ ਬਣਾਉਣ।
ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਹਟਾ ਕੇ ਹੀ ਪੰਜਾਬ ਦੀ ਰਾਜਨੀਤੀ ਸਾਫ-ਸੁਥਰੀ ਹੋਵੇਗੀ ਕਿਉਂਕਿ ਪਿਛਲੇ 10 ਵਰ੍ਹਿਆਂ ਦੌਰਾਨ ਜਿੰਨੀ ਗੁੰਡਾਗਰਦੀ ਅਕਾਲੀਆਂ ਦੇ ਰਾਜ ਵਿਚ ਹੋਈ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ਰਮਨਾਕ ਹਾਰ ਲਈ ਮਜੀਠੀਆ ਵੀ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ ਨੂੰ ਹੁਣ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਉਨ੍ਹਾਂ ਦੇ ਸ਼ੇਰ ਸੁੱਚਾ ਸਿੰਘ ਲੰਗਾਹ ਦੇ ਕਾਰਨਾਮੇ ਜਨਤਾ ਸਾਹਮਣੇ ਆ ਚੁੱਕੇ ਹਨ। ਡੇਰਾ ਬਾਬਾ ਨਾਨਕ ਹਲਕੇ ਵਿਚ ਅਕਾਲੀ ਦਲ ਨੂੰ 44074 ਵੋਟਾਂ ਨਾਲ ਮਾਤ ਦੇਣ ਵਾਲੇ ਰੰਧਾਵਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੰਧਾਂ 'ਤੇ ਲਿਖੇ ਸੰਕੇਤਾਂ ਨੂੰ ਅਕਾਲੀ ਦਲ ਨੂੰ ਸਮਝ ਲੈਣਾ ਚਾਹੀਦਾ ਹੈ।
ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਬਦਨਾਮੀ ਦੇ ਕਾਰਨ ਹੀ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਕਾਰਜ ਪ੍ਰਣਾਲੀ ਕਾਰਨ ਹੀ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਵਧਿਆ। ਪਿਛਲੇ 10 ਵਰ੍ਹਿਆਂ ਦੌਰਾਨ ਸੁਖਬੀਰ ਨੇ ਆਪਣੀਆਂ ਅੱਖਾਂ ਮੀਟੀ ਰੱਖੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਲਗਾਤਾਰ ਬੁਲੰਦੀਆਂ ਵੱਲ ਵਧ ਰਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਿਹਾ ਕਿ ਉਹ ਆਪਣੇ ਬੇਟੇ ਸੁਖਬੀਰ ਨੂੰ ਕਹਿਣ ਕਿ ਉਹ ਮਜੀਠੀਆ ਤੋਂ ਦੂਰ ਰਹਿਣ। ਜੇਕਰ ਅਜਿਹਾ ਨਾ ਹੋਇਆ ਤਾਂ ਅਕਾਲੀ ਦਲ ਦਾ ਹਸ਼ਰ ਹੋਰ ਵੀ ਮਾੜਾ ਹੋਵੇਗਾ।


Related News