ਅਕਾਲੀ ਦਲ ਦੇ ਧਰਨੇ ਤੋਂ ਬਾਅਦ ਕਾਂਗਰਸੀਆਂ ਖਿਲਾਫ ਦਰਜ ਮਾਮਲਿਆਂ ਨੇ ਖੋਲ੍ਹੀ ਕੈਪਟਨ ਤੇ ਸੁਖਬੀਰ ਦੀ ਪੋਲ : ਬੈਂਸ

12/12/2017 4:42:37 AM

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ 'ਤੇ ਦੋਸ਼ ਲਾਇਆ ਹੈ ਕਿ ਕਾਂਗਰਸ ਪਿਛਲੇ 10 ਮਹੀਨਿਆਂ ਦੌਰਾਨ ਧਰਾਤਲ 'ਤੇ ਚਲੀ ਗਈ ਹੈ ਤੇ ਅਕਾਲੀ ਦਲ ਵੀ ਆਪਣੀਆਂ ਆਖਰੀ ਸਾਹਾਂ 'ਤੇ ਚੱਲ ਰਿਹਾ ਹੈ, ਜਿਸ ਕਰਕੇ ਹੀ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਬੈਂਸ ਨੇ ਦੱਸਿਆ ਕਿ ਪਹਿਲਾਂ ਕਾਂਗਰਸੀਆਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਕਾਗਜ਼ ਦਾਖਲ ਕਰਨ ਮੌਕੇ ਕੁੱਟਿਆ ਤੇ ਝੂਠੇ ਮਾਮਲੇ ਕੈਪਟਨ ਦੇ ਇਸ਼ਾਰੇ 'ਤੇ ਦਰਜ ਕੀਤੇ ਗਏ। ਬਾਅਦ 'ਚ ਸੁਖਬੀਰ ਬਾਦਲ ਧਰਨਾ ਲਾ ਕੇ ਬੈਠੇ ਤਾਂ ਕੈਪਟਨ ਨੇ ਪਰਚੇ ਕੈਂਸਲ ਕਰਨ, ਧਾਰਾ 307 ਹਟਾਉਣ ਦੇ ਨਾਲ ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਕਰ ਕੇ ਇਸ ਸਾਜ਼ਿਸ਼ ਨੂੰ ਨੇਪਰੇ ਚਾੜ੍ਹਿਆ, ਜਿਸ ਨਾਲ ਸੁਖਬੀਰ ਅਤੇ ਕੈਪਟਨ ਨੇ ਅਕਾਲੀ ਦਲ ਤੇ ਕਾਂਗਰਸ ਦੇ ਡਿੱਗ ਰਹੇ ਗ੍ਰਾਫ ਨੂੰ ਉੱਪਰ ਚੁੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਇਹ ਸ਼ਬਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ 75 ਦੇ ਅਧੀਨ ਪੈਂਦੇ ਗਗਨ ਕਾਲੋਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ 'ਚ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਨਹੀਂ ਕਰਨਗੇ। ਬਾਦਲ ਸਿਰਫ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ 'ਚ ਖੋਹ ਚੁੱਕੇ ਆਧਾਰ ਨੂੰ ਉੱਚਾ ਚੁੱਕਣ ਲਈ ਹੀ ਵਾਰ-ਵਾਰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਬੈਂਸ ਨੇ ਕਿਹਾ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਤੇ ਜਿਹੜੇ ਵੀ ਸੂਝਵਾਨ ਵਿਧਾਇਕ, ਅਹੁਦੇਦਾਰ ਜਾਂ ਵਰਕਰ ਹਨ, ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸੁਖਬੀਰ ਅਤੇ ਕੈਪਟਨ ਆਪਸ 'ਚ ਮਿਲੇ ਹੋਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਧਰਨਾ ਦੇ ਰਹੇ ਅਕਾਲੀ ਦਲ ਦੇ ਇਹੋ ਆਗੂ ਉਸ ਮੌਕੇ 'ਤੇ ਧਰਨਾ ਦੇਣ ਵਾਲੇ ਇਨ੍ਹਾਂ ਆਗੂਆਂ 'ਤੇ ਹੀ ਦੋਸ਼ ਲਾ ਰਹੇ ਸਨ ਕਿ ਜਿਨ੍ਹਾਂ ਵਿਹਲੜਾਂ ਨੂੰ ਘਰ ਕੋਈ ਨਹੀਂ ਪੁੱਛਦਾ, ਉਹ ਧਰਨਿਆਂ 'ਤੇ ਆ ਕੇ ਬੈਠ ਜਾਂਦੇ ਹਨ। ਉਸ ਮੌਕੇ ਅਕਾਲੀ ਦਲ ਦੇ ਇਨ੍ਹਾਂ ਹੀ ਆਗੂਆਂ ਨੇ 'ਧਰਨਾ ਕਿਉਂ ਨਹੀਂ ਮਾਰਿਆ? ਉਨ੍ਹਾਂ ਕਿਹਾ ਕਿ ਇਹ ਡਰਾਮਾ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਅਤੇ ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਤੇ ਅਕਾਲੀ ਦਲ ਆਗੂਆਂ 'ਤੇ ਧਾਰਾ 307 ਹਟਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਗਿਆ ਹੈ।  ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੂੰ ਵੀ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵਾਰਡ ਪ੍ਰਧਾਨ ਐਡਵੋਕੇਟ ਰਵਿੰਦਰ ਰਾਵਤ, ਪ੍ਰਦੀਪ ਲਾਲਾ, ਪ੍ਰਧਾਨ ਬਲਦੇਵ ਸਿੰਘ, ਬਲਜੀਤ ਨੀਟੂ, ਪ੍ਰਿਤਪਾਲ ਸਿੰਘ, ਮਹਿਤਾ, ਪ੍ਰਵੀਨ ਸੂਦ, ਯਸ਼ਪਾਲ ਰਾਵਤ, ਤਰਲੋਕ ਸਿੰਘ, ਵਿਜੇ ਕੁਮਾਰ ਤੇ ਹੋਰ ਸ਼ਾਮਲ ਸਨ। 
ਕਦੇ ਵੀ ਡਿੱਗ ਸਕਦੀ ਸੀ ਕਾਂਗਰਸ ਸਰਕਾਰ?
ਸਿਮਰਜੀਤ ਸਿੰਘ ਬੈਂਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਕਾਂਗਰਸ ਸਰਕਾਰ ਕਦੇ ਵੀ ਡਿੱਗ ਸਕਦੀ ਸੀ ਤੇ ਕੈਪਟਨ ਨੇ ਸੁਖਬੀਰ ਬਾਦਲ ਨਾਲ ਮਿਲ ਕੇ ਕਾਂਗਰਸ ਸਰਕਾਰ ਨੂੰ ਅਸਿੱਧੇ ਰੂਪ 'ਚ ਡਿੱਗਣ ਤੋਂ ਬਚਾਇਆ ਹੈ, ਕਿਉਂਕਿ ਕਾਂਗਰਸ ਦੇ 42-43 ਵਿਧਾਇਕ ਕੈਪਟਨ ਦੇ ਖਿਲਾਫ ਹਨ, ਜਿਸ ਦਾ ਮੁੱਖ ਕਾਰਨ ਸੂਬੇ 'ਚ ਕੋਈ ਵਿਕਾਸ ਨਹੀਂ ਹੋਇਆ, ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਤੇ ਨਾ ਹੀ ਮੋਬਾਇਲ ਮਿਲਿਆ ਹੈ। ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਕੋਈ ਵੀ ਪੂਰਾ ਨਾ ਹੋਣ ਕਰਕੇ ਕੈਪਟਨ ਦੀ ਆਪਣੀ ਕੁਰਸੀ ਹੱਥੋਂ ਖੁੱਸਦੀ ਨਜ਼ਰ ਆ ਰਹੀ ਹੈ।


Related News