ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

06/27/2017 4:21:06 PM

ਪਟਿਆਲਾ (ਇੰਦਰਜੀਤ ਸਿੰਘ) — ਇਥੋਂ ਦੀ ਦਾਰੂ ਕੁਟੀਆ ਕਾਲੋਨੀ 'ਚ ਇਕ 23 ਸਾਲ ਦੀ ਲੜਕੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਮੰਗਲਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦੀ ਪਛਾਣ ਹਰਜਿੰਦਰ ਕੌਰ ਵਜੋਂ ਹੋਈ ਹੈ, ਜੋ ਲੋਕਾਂ ਦੇ ਘਰਾਂ 'ਚ ਸਫਾਈ ਦਾ ਕੰਮ ਕਰਦੀ ਸੀ ਤੇ 6 ਸਾਲ ਦੀ ਉਮਰ ਤੋਂ ਹੀ ਪਟਿਆਲਾ 'ਚ ਆਪਣੀ ਭੈਣ ਦੇ ਕੋਲ ਰਹਿੰਦੀ ਸੀ। ਅੱਜ ਦੋਵੇਂ ਕੰਮ ਕਰਨ ਲਈ ਘਰੋਂ ਇਕੱਠੀਆਂ ਨਿਕਲੀਆਂ ਪਰ ਹਰਜਿੰਦਰ ਕਿਸੇ ਕਾਰਨ ਜਲਦੀ ਘਰ ਵਾਪਸ ਆ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦ ਬੱਚੇ ਘਰ ਆਏ ਤਾਂ ਉਨ੍ਹਾਂ ਆਪਣੀ ਮਾਸੀ ਦੀ ਲਾਸ਼ ਲਟਕਦੀ ਦੇਖੀ, ਜਿਸ ਬਾਰੇ ਉਨ੍ਹਾਂ ਆਪਣੇ ਮਾਤਾ -ਪਿਤਾ ਨੂੰ ਸੂਚਿਤ ਕੀਤਾ। ਪਰਿਵਾਰ ਨੇ ਹਰਜਿੰਦਰ ਨੂੰ ਹੇਠਾ ਉਤਾਰਿਆ ਤੇ ਹਸਪਤਾਲ ਲੈ ਗਏ  ਪਰ ਤਦ ਤਕ ਕਾਫੀ ਦੇਰ ਹੋ ਚੁੱਕੀ ਸੀ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਹਰਜਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ?
ਉਥੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰ ਕੇ 174 ਦੀ ਕਾਰਵਾਈ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ। ਇਸ ਲਈ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।   


Related News