ਬਟਾਲਾ : ਐੱਸ. ਐੱਸ. ਪੀ. ਦਫਤਰ ਦੇ ਬਾਹਰ ਵਿਅਕਤੀ ਵਲੋਂ ਆਤਮਦਾਹ ਕਰਨ ਦੀ ਕੋਸ਼ਿਸ਼

12/12/2017 4:46:43 PM

ਬਟਾਲਾ (ਬੇਰੀ) : ਮੰਗਲਵਾਰ ਨੂੰ ਇਕ ਵਿਅਕਤੀ ਵੱਲੋਂ ਐੱਸ. ਐੱਸ. ਪੀ. ਬਟਾਲਾ ਦੇ ਦਫਤਰ ਅੱਗੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੋਦੇ ਦੀ ਖੂਹੀ ਜੋ ਕਿ ਅੱਜ ਆਪਣੀ ਮਾਤਾ ਅਤੇ ਭਰਾ ਗੁਰਪ੍ਰੀਤ ਸਿੰਘ ਨਾਲ ਐੱਸ. ਐੱਸ. ਪੀ. ਦਫਤਰ ਦੇ ਬਾਹਰ ਪਹੁੰਚਿਆ ਤਾਂ ਉਸ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਐੱਸ. ਐੱਸ. ਪੀ. ਦਫਤਰੋਂ ਬਾਹਰ ਆ ਰਹੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਮਨਦੀਪ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਸਦੇ ਭਰਾ ਗੁਰਪ੍ਰੀਤ ਸਿੰਘ ਨੇ ਪੁਲਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀ ਉਕਤ ਦੋਵਾਂ ਭਰਾਵਾਂ ਨੂੰ ਹਿਰਾਸਤ ਵਿਚ ਲੈਂਦਿਆਂ ਥਾਣਾ ਸਿਵਲ ਲਾਈਨ ਵਿਖੇ ਲੈ ਗਏ, ਜਿਥੇ ਮਨਦੀਪ ਸਿੰਘ ਕੋਲੋਂ ਪੁੱਛਗਿਛ ਕੀਤੀ ਅਤੇ ਸਾਰਾ ਮਾਮਲਾ ਡੀ. ਐੱਸ. ਪੀ. ਸਿਟੀ ਦੇ ਧਿਆਨ 'ਚ ਲਿਆਂਦਾ ਗਿਆ।
ਕਿਉਂ ਕਰਨਾ ਚਾਹੁੰਦਾ ਸੀ ਮਨਦੀਪ ਆਤਮਦਾਹ?
ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਅਪ੍ਰੈਲ 2017 ਵਿਚ ਅਲੀਵਾਲ ਰੋਡ ਦੀ ਰਹਿਣ ਵਾਲੀ ਇਕ ਲੜਕੀ ਨਾਲ ਹਾਈਕੋਰਟ ਵਿਚ ਇਹ ਕਹਿ ਕੇ ਵਿਆਹ ਕਰਵਾ ਲਿਆ ਕਿ ਉਸਦੇ ਆਪਣੇ ਟਰੱਕ ਹਨ ਪਰ ਬਾਅਦ ਵਿਚ ਉਕਤ ਲੜਕੀ ਨੂੰ ਜਦੋਂ ਮਨਦੀਪ ਸਿੰਘ ਦੀ ਅਸਲੀਅਤ ਬਾਰੇ ਪਤਾ ਲੱਗਾ ਤਾਂ ਉਹ ਮਨਦੀਪ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਨਦੀਪ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਵਿਰੁੱਧ ਸਤੰਬਰ ਵਿਚ 326 ਧਾਰਾ ਤਹਿਤ ਪਰਚਾ ਦਰਜ ਕਰਵਾਉਣ ਖਾਤਿਰ ਆਪਣੀ ਬਾਂਹ 'ਤੇ ਸੱਟ ਲਾ ਲਈ ਅਤੇ ਸਿਵਲ ਲਾਈਨ ਪੁਲਸ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਉਣਾ ਚਾਹਿਆ ਪਰ ਮੈਡੀਕਲ ਬੋਰਡ ਦੀ ਟੀਮ ਵਿਚ ਉਕਤ ਦੀ ਰਿਪੋਰਟ ਗਲਤ ਪਾਈ ਗਈ, ਜਿਸ ਕਾਰਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਅੱਜ ਦੁਬਾਰਾ ਮਨਦੀਪ ਸਿੰਘ ਪੁਲਸ 'ਤੇ ਕਾਰਵਾਈ ਲਈ ਦਬਾਅ ਬਣਾਉਣ ਖਾਤਿਰ ਆਪਣੀ ਮਾਤਾ ਤੇ ਭਰਾ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਐੱਸ. ਐੱਸ. ਪੀ. ਦਫਤਰ ਦੇ ਬਾਹਰ ਆਪਣੇ 'ਤੇ ਮਿੱਟੀ ਦਾ ਤੇਲ ਛਿੜਕ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਸ ਅਧਿਕਾਰੀਆਂ ਨੇ ਉਸ ਨੂੰ ਨਾਕਾਮ ਕਰ ਦਿੱਤਾ ਅਤੇ ਹਿਰਾਸਤ ਵਿਚ ਲੈਂਦਿਆਂ ਥਾਣਾ ਸਿਵਲ ਲਾਈਨ ਵਿਖੇ ਉਕਤ ਵਿਅਕਤੀ ਤੇ ਉਸਦੇ ਭਰਾ ਨੂੰ ਲੈ ਗਏ।
ਪੁਲਸ ਨੇ ਕੀਤਾ ਪਰਚਾ ਦਰਜ
ਥਾਣਾ ਸਿਟੀ ਵਿਚ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਪਲਵਿੰਦਰ ਸਿੰਘ ਪੱਡਾ ਨੇ ਏ. ਐੱਸ. ਆਈ. ਸੰਤੋਖ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਨਦੀਪ ਸਿੰਘ 'ਤੇ ਉਸਦੇ ਭਰਾ ਗੁਰਪ੍ਰੀਤ ਸਿੰਘ ਵਿਰੁੱਧ ਧਾਰਾ 186, 353, 309 ਆਈ. ਪੀ. ਸੀ. ਆਦਿ ਤਹਿਤ ਕੇਸ ਦਰਜ ਕਰ ਦਿੱਤਾ ਹੈ ਅਤੇ ਦੋਵਾਂ ਭਰਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News