ਕਰਜ਼ਾ ਨਾ ਮੋੜ ਸਕਣ ''ਤੇ 2 ਬੱਚਿਆਂ ਦੇ ਪਿਉ ਨੇ ਲਿਆ ਫਾਹਾ

12/13/2017 5:19:49 AM

ਲੁਧਿਆਣਾ(ਰਿਸ਼ੀ)-ਬੈਂਕ ਤੋਂ ਕਰਜ਼ੇ 'ਤੇ ਲਏ 2 ਲੱਖ ਰੁਪਏ ਨਾ ਮੋੜ ਸਕਣ ਕਾਰਨ 2 ਬੱਚਿਆਂ ਦੇ ਪਿਉ ਨੇ ਸੋਮਵਾਰ ਸਵੇਰੇ ਘਰ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਚੌਕੀ ਜਨਕਪੁਰੀ ਦੇ ਇੰਚਾਰਜ ਏ. ਐੱਸ. ਆਈ. ਰਾਜਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਲੀ ਨੰ. 2 ਜਨਕਪੁਰੀ ਦੇ ਰਹਿਣ ਵਾਲੇ ਤਜਿੰਦਰ ਸਿੰਘ (33) ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਬੱਚੇ ਹਨ ਤੇ ਉਸ ਦਾ ਪਤੀ ਫਿਰੋਜ਼ਗਾਂਧੀ ਮਾਰਕੀਟ ਸਥਿਤ ਨੌਕਰੀ ਕਰਦਾ ਸੀ। ਉਨ੍ਹਾਂ ਨੇ ਬੈਂਕ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀਆਂ 2 ਕਿਸ਼ਤਾਂ ਟੁੱਟਣ 'ਤੇ ਬੈਂਕ ਨੇ ਨੋਟਿਸ ਭੇਜ ਦਿੱਤਾ, ਜਿਸ ਦੇ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਸਵੇਰੇ 10.30 ਵਜੇ ਬੈੱਡਰੂਮ ਨੂੰ ਅੰਦਰੋਂ ਕੁੰਡੀ ਲਾ ਲਈ। ਕੁੱਝ ਸਮੇਂ ਬਾਅਦ ਬਾਹਰ ਨਾ ਆਉਣ 'ਤੇ ਜਦ ਦਰਵਾਜ਼ਾ ਤੋੜਿਆ ਗਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਦੇ ਤੁਰੰਤ ਬਾਅਦ ਪੁਲਸ ਕੰਟਰੋਲ ਰੂਮ 'ਤੇ ਇਸ ਦੀ ਸੂਚਨਾ ਦਿੱਤੀ ਗਈ। 


Related News