ਸੇਮ ਪੀੜਤ ਪਰਿਵਾਰ ਦੀ ਕਦੋਂ ਸੁੱਧ ਲਵੇਗੀ ਸਰਕਾਰ?

12/13/2017 1:04:33 AM

ਅਬੋਹਰ(ਸੁਨੀਲ)—ਸਾਢੇ 3 ਮਹੀਨੇ ਪਹਿਲਾਂ ਕਰਜ਼ੇ ਦੇ ਬੋਝ ਨੂੰ ਸਹਿਣ ਨਾ ਕਰਦੇ ਹੋਏ ਕਥਿਤ ਰੂਪ ਨਾਲ ਆਤਮ-ਹੱਤਿਆ ਕਰਨ ਵਾਲੇ ਪਿੰਡ ਬਜੀਤਪੁਰ ਕੱਟਿਆਂਵਾਲੀ ਦੇ ਛੋਟੇ ਕਿਸਾਨ ਬਨਵਾਰੀ ਲਾਲ ਦਾ ਪਰਿਵਾਰ ਹੁਣ ਵੀ ਸਰਕਾਰੀ ਸਹਾਇਤਾ ਮਿਲਣ ਦੀ ਉਡੀਕ ਕਰ ਰਿਹਾ ਹੈ। 48 ਸਾਲਾ ਬਨਵਾਰੀ ਲਾਲ 29 ਅਗਸਤ ਨੂੰ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੇ ਬਿਨਾਂ ਗੁੰਮ ਹੋ ਗਿਆ। 2 ਦਿਨਾਂ ਬਾਅਦ ਉਸ ਦੀ ਲਾਸ਼ ਆਜਮਵਾਲਾ ਪਿੰਡ ਕੋਲ ਬੀਕਾਨੇਰ ਨਹਿਰ ਕੋਲੋਂ ਬਰਾਮਦ ਹੋਈ।  ਉਸ ਦਾ ਪਰਿਵਾਰ ਦੱਸਦਾ ਹੈ ਕਿ ਬਨਵਾਰੀ ਲਾਲ ਨੇ ਕੁਝ ਸਾਲ ਪਹਿਲਾਂ 11 ਏਕੜ ਖੇਤੀ ਜ਼ਮੀਨ ਠੇਕੇ 'ਤੇ ਲੈ ਕੇ ਖੇਤੀਬਾੜੀ ਸ਼ੁਰੂ ਕੀਤੀ ਸੀ ਪਰ 2015 ਵਿਚ ਜਦੋਂ ਲੰਬੀ ਮੁਕਤਸਰ ਖੇਤਰ ਤੋਂ ਸੇਮ ਨਾਲਿਆਂ ਦਾ ਪਾਣੀ ਅਬੋਹਰ ਦੇ ਸੇਮ ਨਾਲਿਆਂ ਵਿਚ ਛੱਡਿਆ ਗਿਆ ਤਾਂ ਉਸ ਦੀ ਲਪੇਟ 'ਚ ਇਸ ਪਰਿਵਾਰ ਦੀ ਠੇਕੇ 'ਤੇ ਲਈ ਜ਼ਮੀਨ ਵੀ ਆ ਗਈ। ਪਿੰਡ ਰੂਹੜੀਆਂਵਾਲੀ ਦੀ ਤਰ੍ਹਾਂ ਬਜੀਤਪੁਰ ਕੱਟਿਆਂਵਾਲੀ 'ਚ ਵੀ ਸੈਂਕੜੇ ਏਕੜ ਜ਼ਮੀਨ 'ਤੇ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਪਰ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ।
ਕੀ ਕਹਿਣਾ ਹੈ ਬਨਵਾਰੀ ਲਾਲ ਦੇ ਪਰਿਵਾਰ ਵਾਲਿਆਂ ਦਾ
ਪਰਿਵਾਰ ਵਾਲੇ ਦੱਸਦੇ ਹਨ ਕਿ ਬੀਤੇ ਸਾਲ ਬਨਵਾਰੀ ਲਾਲ ਨੇ 3 ਏਕੜ ਜ਼ਮੀਨ 'ਤੇ ਕਪਾਹ ਦੀ ਬੀਜਾਈ ਕੀਤੀ ਸੀ ਪਰ ਆਮਦਨ ਇੰਨੀ ਨਹੀਂ ਹੋਈ ਕਿ ਵੱਡੀ ਬੇਟੀ ਦੇ ਵਿਆਹ ਦਾ ਖਰਚ ਅਤੇ ਪਿੰਡ ਦੇ ਹੀ ਕੁਝ ਪਤਵੰਤੇ ਲੋਕਾਂ ਤੋਂ ਲਿਆ ਕਰਜ਼ ਉਤਾਰ ਸਕਦਾ। ਘਰੇਲੂ ਹਾਲਤ ਕਾਰਨ ਉਸਦੀ ਛੋਟੀ ਬੇਟੀ ਚੰਦਰਕਲਾ 10ਵੀਂ ਕਲਾਸ ਦੀ ਪ੍ਰੀਖਿਆ ਦੀ ਤਿਆਰੀ ਚੰਗੀ ਤਰ੍ਹਾਂ ਨਹੀਂ ਕਰ ਪਾਈ। ਪੂਰਾ ਪਰਿਵਾਰ ਕਰਜ਼ ਅਤੇ ਉਸ ਕਾਰਨ ਹੋਈ ਪਰਿਵਾਰ ਦੇ ਮੁਖੀਆ ਦੀ ਮੌਤ ਦੇ ਸਦਮੇ ਤੋਂ ਅਜੇ ਤੱਕ ਬਾਹਰ ਨਹੀਂ ਆਇਆ ਹੈ। ਸਰਕਾਰੀ ਅਧਿਕਾਰੀ ਇਸ ਮਾਮਲੇ ਵਿਚ ਬੇਵੱਸੀ ਜ਼ਾਹਿਰ ਕਰਦੇ ਹਨ ਕਿਉਂਕਿ ਅਜੇ ਤੱਕ ਠੇਕੇ 'ਤੇ ਜ਼ਮੀਨ ਲੈ ਕੇ ਕਾਸ਼ਤ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਕੋਈ ਕਾਨੂੰਨ ਸਰਕਾਰੀ ਨਿਯਮਾਂ ਵਿਚ ਨਹੀਂ ਹੈ। ਪੀੜਤ ਪਰਿਵਾਰ ਸਰਕਾਰ ਤੋਂ ਨਿਯਮਾਂ 'ਚ ਬਦਲਾਅ ਕਰਨ ਅਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਲਈ ਗੁਹਾਰ ਲਾ ਰਿਹਾ ਹੈ।


Related News