ਤਿੰਨ ਲੜਕੀਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰ ਦੇਵੇਗੀ ਵਜ੍ਹਾ

12/11/2017 7:14:53 PM

ਮੋਗਾ (ਅਜ਼ਾਦ) : ਧਰਮਕੋਟ ਨੇੜਲੇ ਪਿੰਡ ਬੱਡੂਵਾਲ ਨਿਵਾਸੀ ਗਿਆਨ ਸਿੰਘ (45) ਜੋ ਤਿੰਨ ਲੜਕੀਆਂ ਦਾ ਪਿਤਾ ਸੀ ਵਲੋਂ ਆਪਣੇ  ਖੇਤ ਵਿਚ ਦਰੱਖਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਤਨੀ ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੀਆਂ ਹਨ ਤੇ ਉਸਦੀ ਇਕ ਲੜਕੀ ਜੋ ਵਿਆਹੁਤਾ ਹੈ ਉਹ ਕੈਨੇਡਾ ਰਹਿੰਦੀ ਹੈ ਅਤੇ ਦੋ ਲੜਕੀਆਂ ਸਾਡੇ ਕੋਲ ਹੀ ਰਹਿੰਦੀਆਂ ਹਨ, ਨੇ ਕਿਹਾ ਕਿ ਸਾਡੇ ਘਰ ਲੜਕਾ (ਵਾਰਿਸ) ਨਾ ਹੋਣ ਕਾਰਨ ਅਕਸਰ ਹੀ ਮੇਰਾ ਪਤੀ ਕਹਿੰਦਾ ਰਹਿੰਦਾ ਸੀ ਕਿ ਆਪਾਂ ਜ਼ਮੀਨ ਜਾਇਦਾਦ ਦੇ ਮਾਲਕ ਹਾਂ ਪਰ ਵਾਰਿਸ ਕੋਈ ਨਹੀਂ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਉਸ ਨੂੰ ਕਈ ਵਾਰ ਸਮਝਾਉਣ ਦਾ ਵੀ ਯਤਨ ਵੀ ਕੀਤਾ। ਉਸਨੇ ਕਿਹਾ ਕਿ ਉਹ ਬੀਤੀ ਸ਼ਾਮ ਨੂੰ 5 ਵਜੇ ਦੇ ਕਰੀਬ ਘਰੋਂ ਖੇਤ ਚਲਾ ਗਿਆ। ਰਾਤ ਦੇਰ ਤੱਕ ਘਰ ਵਾਪਸ ਨਾ ਆਇਆ ਤੇ ਨਾ ਉਸਦੇ ਫੋਨ ਤੇ ਸੰਪਰਕ ਹੋ ਸਕਿਆ, ਜਿਸ 'ਤੇ ਅਸੀਂ ਉਸਦੀ ਤਲਾਸ਼ ਕੀਤੀ ਤਾਂ ਸਾਨੂੰ ਉਸਦੀ ਲਾਸ਼ ਖੇਤ ਵਿਚ ਲੱਗੇ ਦਰੱਖਤ ਨਾਲ ਲਟਕਦੀ ਮਿਲੀ। ਉਸਨੇ ਗਲ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਉਸਦੀ ਬੇਟੀ ਦੇ ਕੈਨੇਡਾ ਤੋਂ ਆਉਣ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।


Related News