ਨਾਬਾਲਗ ਵਿਦਿਆਰਥਣ ਨਾਲ ਛੇੜਛਾੜ, ਸੀ. ਸੀ. ਟੀ. ਵੀ. ਕੈਦ ਹੋਈ ਪੂਰੀ ਘਟਨਾ

06/25/2017 4:32:39 PM

ਮੋਗਾ (ਆਜ਼ਾਦ) : ਮੋਗਾ ਨਿਵਾਸੀ 12ਵੀਂ ਕਲਾਸ ਦੀ ਇਕ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਛੇੜਛਾੜ ਕਰਨ ਦੇ ਮਾਮਲੇ ਵਿਚ ਪੁਲਸ ਨੇ ਇਕ ਮਨਚਲੇ ਲੜਕੇ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਉੂਥ ਮੋਗਾ ਵਲੋਂ ਪੀੜਤਾ ਦੀ ਸ਼ਿਕਾਇਤ 'ਤੇ ਭੁਪਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਨਿਵਾਸੀ ਘੱਲ ਕਲਾਂ ਰੋਡ ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਹ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ। ਉਹ ਰੋਜ਼ਾਨਾ ਆਪਣੇ ਘਰ ਤੋਂ ਟਿਊਸ਼ਨ ਪੜ੍ਹਣ ਲਈ ਜਾਂਦੀ ਸੀ, ਬੀਤੇ ਦਿਨ ਵੀ ਜਦੋਂ ਉਹ ਅਧਿਆਪਕਾਂ ਦੇ ਕੋਲ ਸ਼ਾਮ ਨੂੰ ਟਿਊਸ਼ਨ ਪੜ੍ਹਣ ਲਈ ਆਪਣੀ ਐਕਟਿਵਾ 'ਤੇ ਗਈ ਤਾਂ ਕਥਿਤ ਦੋਸ਼ੀ ਭੁਪਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਉਥੇ ਆ ਗਿਆ ਅਤੇ ਮੈਂਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਅਸ਼ਲੀਲ ਗੱਲਾਂ ਕਰਨ ਲੱਗਾ। ਇਸ 'ਤੇ ਜਦੋਂ ਮੈਂ ਰੌਲਾ ਪਾਇਆ ਤਾਂ ਉਹ ਭੱਜ ਗਿਆ। ਉਪਰੰਤ ਮੈਂ ਘਰ ਆ ਕੇ ਸਾਰੀ ਗੱਲਬਾਤ ਪਰਿਵਾਰ ਨੂੰ ਦੱਸੀ।
ਕੈਮਰੇ 'ਚ ਕੈਦ ਹੋਇਆ ਪੂਰਾ ਮਾਮਲਾ
ਪੀੜਤਾ ਨੇ ਦੱਸਿਆ ਕਿ ਜਦੋਂ ਪਰਿਵਾਰ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਆਸ-ਪਾਸ ਦੇ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਉਥੇ ਲੱਗੇ ਇਕ ਕੈਮਰੇ 'ਚ ਇਸ ਘਟਨਾ ਦਾ ਪੂਰਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ ਤੇ ਸਾਰੀ ਸੱਚਾਈ ਸਾਹਮਣੇ ਆ ਗਈ, ਜਿਸ 'ਤੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਾਜ ਕੌਰ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਲੜਕੇ ਨੂੰ ਕਾਬੂ ਕਰ ਲਿਆ ਗਿਆ ਹੈ।


Related News