ਦੀਵਾਲੀ ''ਤੇ ਉੱਜੜੀਆਂ ਪਰਿਵਾਰ ਦੀ ਖੁਸ਼ੀਆਂ, 11ਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ

10/20/2017 7:35:22 PM

ਨੂਰਪੁਰਬੇਦੀ (ਭੰਡਾਰੀ) : ਦੀਵਾਲੀ ਤੋਂ ਇਕ ਦਿਨ ਪਹਿਲਾਂ ਨੂਰਪੁਰਬੇਦੀ-ਕਾਂਗੜ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਨੌਜਵਾਨ ਗੌਰਵ ਸਿੰਘ ਪੁੱਤਰ ਗੁਰਮੇਲ ਚੰਦ ਨਿਵਾਸੀ ਮੌਠਾਪੁਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਂਗੜ ਵੱਲ ਜਾ ਰਿਹਾ ਸੀ ਕਿ ਨੂਰਪੁਰਬੇਦੀ ਵਿਖੇ ਸਥਿਤ ਸਵਰਨ ਪੈਲੇਸ ਦੇ ਨੇੜੇ ਕਿਸੀ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇਕ ਹੋਰ ਮੋਟਰਸਾਈਕਲ 'ਤੇ ਪਿੱਛੇ ਆ ਰਹੇ ਉਸਦੇ ਚਾਚੇ ਗੁਰਦੀਪ ਸਿੰਘ ਪੁੱਤਰ ਸ੍ਰੀਰਾਮ ਨੇ ਨੌਜਵਾਨ ਗੌਰਵ ਨੂੰ ਜ਼ਖਮੀ ਹਾਲਤ 'ਚ ਸੜਕ 'ਤੇ ਪਿਆ ਦੇਖ ਕੇ ਉਸਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ ਜਿੱਥੋਂ ਮੁੱਢਲੀ ਸਹਾਇਤਾ ਮਿਲਣ 'ਤੇ ਉਸਨੂੰ ਰੂਪਨਗਰ ਸਥਿਤ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸਨੇ ਰਾਹ 'ਚ ਹੀ ਦਮ ਤੋੜ ਦਿੱਤਾ।
ਉਕਤ ਮ੍ਰਿਤਕ ਨੌਜਵਾਨ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰਬੇਦੀ 'ਚ +1 ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਉਕਤ ਬਿਆਨਾਂ 'ਤੇ ਨਾਮਾਲੂਮ ਵਾਹਨ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।


Related News