ਬੇਘਰੇ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

06/27/2017 3:11:22 AM

ਬਟਾਲਾ,   (ਸੈਂਡੀ)- ਅੱਜ ਸਟੇਟ ਗਰੀਬ ਮਜ਼ਦੂਰ ਵੈੱਲਫੇਅਰ ਦੀ ਇਕ ਰੋਸ ਰੈਲੀ ਵੀਰ ਹਕੀਕਤ ਰਾਏ ਦੀ ਸਮਾਧ ਵਿਖੇ ਵਾਈਸ ਪ੍ਰਧਾਨ ਮੰਗਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ 'ਚ ਜਨਰਲ ਸੈਕਟਰੀ ਅਜੇ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਸੰਬੋਧਨ ਕਰਦਿਆਂ ਕਿਹਾ ਕਿ 12 ਸਾਲ ਹੋ ਗਏ ਹਨ, ਕਿਰਾਏਦਾਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀਆਂ ਮੰਗਾਂ ਨੂੰ ਨਜ਼ਰ-ਅੰਦਾਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕ ਹੀ ਐੱਮ. ਐੱਲ. ਏ. ਬਲਵਿੰਦਰ ਸਿੰਘ ਲਾਡੀ ਨੇ ਪਹਿਲ ਕਰ ਕੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਹਨ। ਬਾਕੀ ਦੇ ਐੱਮ. ਐੱਲ. ਏ. ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਹਲਕੇ ਦੇ ਗਰੀਬ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿਵਾਉਣ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੁਫ਼ਤ 'ਚ ਮਕਾਨ ਨਹੀਂ ਮੰਗਦੇ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਆਸਾਨ ਕਿਸ਼ਤਾਂ 'ਚ ਕਾਲੋਨੀਆਂ ਬਣਾ ਕੇ ਦਿੱਤੀਆਂ ਜਾਣ ਤਾਂ ਜੋ ਅਸੀਂ ਕਿਰਾਏ ਦੇ ਮਕਾਨਾਂ 'ਚ ਦਰ-ਦਰ ਦੀਆਂ ਠੋਕਰਾਂ ਨਾ ਖਾ ਸਕੀਏ ਤੇ ਸਾਡੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਸਰਕਾਰ ਤੋਂ ਇਕ ਹੋਰ ਮੰਗ ਕੀਤੀ ਕਿ ਗਰੀਬ ਮਜ਼ਦੂਰਾਂ ਦੇ ਰਾਸ਼ਨ ਕਾਰਡ ਵੀ ਬਣਾ ਕੇ ਦਿੱਤੇ ਜਾਣ। 
ਇਸ ਮੌਕੇ ਕਿਸ਼ਨ ਸਿੰਘ, ਸੁਮਨ ਕੁਮਾਰੀ, ਬਿਮਲਾ ਦੇਵੀ, ਹਰਜਿੰਦਰ ਕੌਰ, ਕੁਲਵੰਤ ਕੌਰ, ਵੀਨਾ, ਬਲਦੇਵ ਸਿੰਘ, ਪ੍ਰਕਾਸ਼, ਅਮਰਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਗੁਰਮੀਤ ਆਦਿ ਮੌਜੂਦ ਸਨ।


Related News