ਜਲੰਧਰ : ਚੋਣਾਂ ਦੇ ਚਲਦੇ ਇਕ-ਦੂਜੇ ਖਿਲਾਫ ਡਟੇ ਹੋਏ ਨੇ ਭਰਾ-ਭਰਾ ਤੇ ਚਾਚਾ-ਭਤੀਜਾ

12/12/2017 4:46:18 AM

ਜਲੰਧਰ, (ਖੁਰਾਣਾ)— ਨਗਰ ਨਿਗਮ ਜਲੰਧਰ ਦੇ 80 ਵਾਰਡਾਂ ਲਈ 300 ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਹਨ। ਬਹੁਤੇ ਵਾਰਡਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵਿਚਾਲੇ ਚੱਲ ਰਿਹਾ ਹੈ ਪਰ ਕੁੱਝ ਇਕ ਵਾਰਡਾਂ ਵਿਚ ਆਜ਼ਾਦ ਤੇ ਬਾਗੀ ਹੋ ਕੇ ਚੋਣ ਲੜ ਰਹੇ ਉਮੀਦਵਾਰ ਵੀ ਕੌਂਸਲਰ ਬਣਨ ਦੀ ਲਾਈਨ ਵਿਚ ਹਨ।
ਜ਼ਿਆਦਾਤਰ ਵਾਰਡਾਂ ਵਿਚ ਉਮੀਦਵਾਰਾਂ ਦਾ ਪੂਰਾ-ਪੂਰਾ ਪਰਿਵਾਰ ਤੇ ਰਿਸ਼ਤੇਦਾਰ ਤੱਕ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ ਪਰ ਕੁੱਝ ਵਾਰਡ ਅਜਿਹੇ ਹਨ, ਜਿੱਥੇ ਸਕੇ ਰਿਸ਼ਤਿਆਂ ਵਿਚ ਕੁੜੱਤਣ ਸਾਫ ਦੇਖੀ ਜਾ ਸਕਦੀ ਹੈ। ਇਕ ਦੋ ਵਾਰਡਾਂ ਵਿਚ ਸਕੇ ਭਰਾ ਇਕ-ਦੂਜੇ ਖਿਲਾਫ ਪ੍ਰਚਾਰ ਵਿਚ ਲੱਗੇ ਹੋਏ ਹਨ ਤੇ ਇਕ ਵਾਰਡ ਵਿਚ ਕਾਂਗਰਸੀ ਭਤੀਜੇ ਵਲੋਂ ਭਾਜਪਾਈ ਚਾਚੇ ਦੀ ਮੁਖਾਲਫਤ ਕੀਤੇ ਜਾਣ ਦੀ ਖਬਰ ਹੈ।
ਇਹ ਗੱਲ ਸਾਰੇ ਜਾਣਦੇ ਹਨ ਕਿ ਅੱਜ ਕਲ ਕਈ ਪਰਿਵਾਰ ਅਜਿਹੇ ਹਨ, ਜਿੱਥੇ ਇਕ ਭਰਾ ਕਾਂਗਰਸ ਤੇ ਦੂਜਾ ਵਿਰੋਧੀ ਦਲ ਵਿਚ ਹੁੰਦਾ ਹੈ ਪਰ ਅਕਸਰ ਇਨ੍ਹਾਂ ਸਥਾਨਕ ਚੋਣਾਂ ਵਿਚ ਅਜਿਹੇ ਭਰਾ ਵੀ ਇਕ-ਦੂਜੇ ਦੀ ਮਦਦ ਵਿਚ ਉਤਰ ਆਉਂਦੇ ਹਨ। ਜਲੰਧਰ ਦੇ ਜਿਨ੍ਹਾਂ ਵਾਰਡਾਂ ਵਿਚ ਭਰਾ-ਭਰਾ ਤੇ ਚਾਚੇ-ਭਤੀਜੇ ਵਿਚ ਅਣਬਣ ਚਲ ਰਹੀ ਹੈ, ਉਥੇ ਉਮੀਦਵਾਰਾਂ ਨੂੰ ਅਜਿਹੇ ਪਰਿਵਾਰਕ ਕਲੇਸ਼ ਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਵਿਰੋਧੀ ਉਮੀਦਵਾਰ ਆਪਣੇ ਪ੍ਰਚਾਰ ਵਿਚ ਰਿਸ਼ਤਿਆਂ ਦੀ ਕੁੜੱਤਣ ਦਾ ਮੁੱਦਾ ਚੁੱਕਣੋਂ ਵੀ ਨਹੀਂ ਭੁੱਲਦੇ।
ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਬਣਿਆਂ ਭਾਵੇਂ 9 ਮਹੀਨੇ ਹੋ ਚੁੱਕੇ ਹਨ ਪਰ ਕਾਂਗਰਸ ਨੇ ਨਿਗਮ ਚੋਣਾਂ ਕਰਵਾਉਣ ਵਿਚ ਆਖਰੀ ਸਮੇਂ ਵਿਚ ਕਾਹਲ ਦਿਖਾਈ, ਜਿਸ ਕਾਰਨ ਇਨ੍ਹਾਂ ਚੋਣਾਂ ਵਿਚ ਕਈ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਸਭ ਤੋਂ ਵੱਡੀ ਗੜਬੜ ਵਾਰਡਾਂ ਦੀਆਂ ਵੋਟਰ ਸੂਚੀਆਂ ਨੂੰ ਲੈ ਕੇ ਹੈ ਜੋ ਅਜੇ ਤੱਕ ਫਾਈਨਲ ਹੋਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਨ੍ਹਾਂ ਵੋਟਰ ਸੂਚੀਆਂ ਵਿਚ ਨਿਤ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਬਹੁਤੇ ਉਮੀਦਵਾਰਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਅਜੇ ਉਨ੍ਹਾਂ ਨੂੰ ਫਾਈਨਲ ਵੋਟਰ ਲਿਸਟ ਨਹੀਂ ਮਿਲੀ। ਉਮੀਦਵਾਰਾਂ ਦਾ ਦੂਜਾ ਰੋਸ ਇਹ ਹੈ ਕਿ ਵਾਰਡਬੰਦੀ ਦਾ ਜੋ ਨਕਸ਼ਾ ਦਿਖਾਇਆ ਗਿਆ ਸੀ ਤੇ ਜਿਸ ਨਕਸ਼ੇ 'ਤੇ ਆਬਜ਼ੈਕਸ਼ਨ ਮੰਗੇ ਗਏ ਸਨ, ਉਸ ਵਿਚ ਤੇ ਵੋਟਰ ਸੂਚੀਆਂ ਵਿਚ ਕਾਫੀ ਫਰਕ ਹੈ। ਇਕ ਵਾਰਡ ਦੀਆਂ ਵੋਟਾਂ ਦੂਜੇ ਵਾਰਡ ਵਿਚ ਪਾਈਆਂ ਗਈਆਂ ਹਨ ਤੇ ਸ਼ਿਕਾਇਤ ਕਰਨ 'ਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰੀ ਮਸ਼ੀਨਰੀ ਦੀ ਆਪਣੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਚੋਣ ਪ੍ਰਬੰਧ ਕਰਨ ਲਈ ਬਹੁਤ ਘੱਟ ਸਮਾਂ ਤੇ ਘੱਟ ਸਟਾਫ ਮਿਲ ਰਿਹਾ ਹੈ।
ਜ਼ਿਆਦਾਤਰ ਉਮੀਦਵਾਰਾਂ ਦਾ ਕਹਿਣਾ ਹੈ ਕਿ ਕੁਝ ਗਲਤੀਆਂ ਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਘਰ 2-2 ਵਾਰਡਾਂ ਵਿਚ ਵੰਡੇ ਗਏ। ਕਈ ਜਗ੍ਹਾ ਤਾਂ ਉਮੀਦਵਾਰ ਦੀ ਆਪਣੀ ਵੋਟ ਦੂਜੇ ਵਾਰਡ ਵਿਚ ਚਲੀ ਗਈ ਹੈ। ਫਿਲਹਾਲ ਵੋਟਰ ਸੂਚੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਸ  ਤੋਂ ਸਾਰੇ ਦਲ ਸਰਕਾਰ ਤੇ ਪ੍ਰਸ਼ਾਸਨ ਤੋਂ ਨਾਰਾਜ਼ ਦਿਸ ਰਹੇ ਹਨ।


Related News