ਸੰਨ੍ਹ ਲਾ ਕੇ ਘਰੇਲੂ ਸਾਮਾਨ ਚੋਰੀ

09/22/2017 6:50:59 AM

ਭੂੰਗਾ, (ਭਟੋਆ)- ਭੂੰਗਾ ਦੇ ਏਰੀਏ ਵਿਚ ਦਿਨ-ਪ੍ਰਤੀ-ਦਿਨ ਵਧ ਰਹੀਆਂ ਚੋਰੀ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਾ ਲਾਹਾ ਲੈਂਦੇ ਹੋਏ ਚੋਰਾਂ ਵੱਲੋਂ ਬੀਤੀ ਰਾਤ ਭੂੰਗਾ 'ਚ ਸਥਿਤ ਇਕ ਘਰ ਵਿਚੋਂ ਸਾਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। 
ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਪਿਲ ਦੇਵ ਪੁੱਤਰ ਸਵ. ਕੇਦਾਰ ਨਾਥ ਵਾਸੀ ਭੂੰਗਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਫਗਵਾੜਾ ਗਿਆ ਸੀ ਤੇ ਅੱਜ ਗੁਆਂਢੀ ਨੇ ਸਵੇਰੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਪਿਛਲਾ ਦਰਵਾਜ਼ੇ ਦੀ ਕੁੰਡੀ ਪੁੱਟੀ ਹੋਈ ਹੈ। ਉਸ ਨੇ ਕਿਹਾ ਕਿ ਚੋਰ ਬੀਤੀ ਰਾਤ ਘਰ ਦਾ ਤਾਲਾ ਤੋੜ ਕੇ ਗੈਸ ਨਾਲ ਭਰਿਆ ਸਿਲੰਡਰ, ਨਵੀਆਂ ਚਾਦਰਾਂ, ਕੰਬਲ, ਪਾਣੀ ਵਾਲੀ ਮੋਟਰ, ਨਵੀਆਂ ਦਰੀਆਂ, ਪਿੱਤਲ ਦੇ ਪਰਾਣੇ ਬਰਤਨ ਅਤੇ ਅਣਸੀਤੇ ਨਵੇਂ ਸੂਟ ਲੈ ਗਏ, ਜਿਸ ਨਾਲ ਸਾਡਾ 10 ਤਂੋ 15 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਪਿਲ ਦੇਵ ਨੇ ਕਿਹਾ ਕਿ ਇਸ ਚੋਰੀ ਦੀ ਵਾਰਦਾਤ ਸਬੰਧੀ ਲਿਖਤੀ ਸ਼ਿਕਾਇਤ ਪੁਲਸ ਚੌਕੀ ਭੂੰਗਾ ਨੂੰ ਕਰ ਦਿੱਤੀ ਗਈ ਹੈ।  ਇਥੇ ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਪਿਛਲੇ ਕੁਝ ਦਿਨ ਪਹਿਲਾਂ ਹੀ ਇਕ ਔਰਤ ਦੀਆਂ ਵਾਲੀਆਂ ਝਪਟ ਲਈਆਂ ਸਨ। ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਮੌਕੇ ਮਾਤਾ ਮਦਾਲਸਾ ਰਾਣੀ, ਨਿਰਮਲਾ ਦੇਵੀ, ਸੰਜੀਵ ਕੁਮਾਰ, ਮੁਨੀਸ਼ ਘਈ ਅਤੇ ਸੰਤੋਸ਼ ਕੁਮਾਰੀ ਆਦਿ ਹਾਜ਼ਰ ਸਨ।


Related News