ਠੇਕੇ ਦਾ ਜਿੰਦਰਾ ਭੰਨ ਕੇ 30 ਪੇਟੀਆਂ ਸ਼ਰਾਬ ਚੋਰੀ

06/26/2017 7:36:44 AM

ਕਿਸ਼ਨਪੁਰਾ ਕਲਾਂ  (ਭਿੰਡਰ) - ਇਕ ਹੋਰ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇਕ ਸ਼ਰਾਬ ਦੇ ਠੇਕੇ ਦਾ ਜਿੰਦਰਾ ਭੰਨ ਕੇ ਉੱਥੋਂ ਭਾਰੀ ਮਾਤਰਾ 'ਚ ਸ਼ਰਾਬ ਚੋਰੀ ਕਰ ਲਈ, ਜਦਕਿ ਦੋ ਦਿਨ ਪਹਿਲਾਂ ਪਿੰਡ ਭਿੰਡਰ ਕਲਾਂ ਦੇ ਡਾਕਘਰ 'ਚੋਂ ਵੀ ਚੋਰਾਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ।  ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕਾ ਇੰਚਾਰਜ ਜੁਗੇਸ਼ ਅਰੋੜਾ ਉਰਫ ਜੋਨੀ ਨੇ ਦੱਸਿਆ ਕਿ ਪਿੰਡ ਦਾਤਾ-ਜਲਾਲਾਬਾਦ ਰੋਡ 'ਤੇ ਪੈਂਦੇ ਚੌਰਸਤੇ 'ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਬੀਤੇ ਸ਼ਨੀਵਾਰ ਦੀ ਰਾਤ ਨੂੰ ਠੇਕੇ ਦੀ ਅਚਾਨਕ ਬਿਜਲੀ ਸਪਲਾਈ ਖਰਾਬ ਹੋ ਗਈ ਅਤੇ ਠੇਕੇ 'ਤੇ ਕੰਮ ਕਰਦਾ ਕਰਿੰਦਾ ਠੇਕੇ ਨੂੰ ਜਿੰਦਰਾ ਲਾ ਕੇ ਨਾਲ ਲੱਗਦੇ ਭੱਠੇ 'ਤੇ ਕੰਮ ਕਰਦੇ ਮਜ਼ਦੂਰਾਂ ਕੋਲ ਜਾ ਕੇ ਸੌਂ ਗਿਆ।
ਬਾਅਦ 'ਚ ਹਨੇਰੇ ਦਾ ਫਾਇਦਾ ਉਠਾ ਕੇ ਆਏ ਕੁਝ ਅਣਪਛਾਤੇ ਚੋਰਾਂ ਨੇ ਠੇਕੇ ਦਾ ਜਿੰਦਰਾ ਭੰਨ ਕੇ 30 ਪੇਟੀਆਂ ਸ਼ਰਾਬ ਦੀਆਂ ਚੋਰੀ ਕਰ ਕੇ ਲੈ ਗਏ, ਜਿਸ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ 2 ਕੁ ਮਹੀਨੇ ਪਹਿਲਾਂ ਵੀ ਇਸ ਸ਼ਰਾਬ ਦੇ ਠੇਕੇ 'ਚ ਚੋਰੀ ਹੋਈ ਸੀ ਅਤੇ ਚੋਰ ਲਗਭਗ 76 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰ ਕੇ ਲੈ ਗਏ ਸਨ। ਇਸ ਸਬੰਧੀ ਉਨ੍ਹਾਂ ਥਾਣਾ ਮਹਿਣਾ ਦੀ ਪੁਲਸ ਨੂੰ ਦਰਖਾਸਤ ਦੇ ਦਿੱਤੀ ਅਤੇ ਪੁਲਸ ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ।


Related News