ਪ੍ਰਦੁਮਣ ਹੱਤਿਆਕਾਂਡ ਦੇ ਬਾਅਦ ਚੰਡੀਗੜ੍ਹ ਦੇ ਸਕੂਲਾਂ ''ਚ ਟੀਚਰਾਂ ਤੇ ਹੋਰ ਸਟਾਫ ਦੀ ਵੈਰੀਫਿਕੇਸ਼ਨ ਸ਼ੁਰੂ

11/19/2017 8:37:57 AM

ਚੰਡੀਗੜ੍ਹ (ਸੁਸ਼ੀਲ)-ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀ ਪ੍ਰਦੁਮਣ ਦੀ ਹੱਤਿਆ ਤੋਂ ਬਾਅਦ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਚੰਡੀਗੜ੍ਹ ਪੁਲਸ ਵੀ ਕਾਫੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਪੁਲਸ ਨੇ ਸ਼ਹਿਰ ਵਿਚ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ ਦੀ ਵੈਰੀਫਿਕੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ। ਵੈਰੀਫਿਕੇਸ਼ਨ ਲਈ ਪੁਲਸ ਵਿਭਾਗ ਨੇ ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਵਿਚ ਸਪੈਸ਼ਲ ਸਟਾਫ ਤਾਇਨਾਤ ਕੀਤਾ ਹੈ, ਜੋ ਰੋਜ਼ਾਨਾ ਸਕੂਲ ਸਟਾਫ ਦੀ ਵੈਰੀਫਿਕੇਸ਼ਨ ਕਰਨ ਵਿਚ ਲੱਗਾ ਹੋਇਆ ਹੈ। ਚੰਡੀਗੜ੍ਹ ਪੁਲਸ ਕੋਲ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੀ ਵੈਰੀਫਿਕੇਸ਼ਨ ਲਈ 3 ਹਜ਼ਾਰ ਦੇ ਕਰੀਬ ਅਰਜ਼ੀਆਂ ਆ ਚੁੱਕੀਆਂ ਹਨ। ਪੁਲਸ ਰੋਜ਼ਾਨਾ ਕਰੀਬ 150 ਸਟਾਫ ਮੈਂਬਰਾਂ ਦੀ ਵੈਰੀਫਿਕੇਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਸਾਰੇ ਸਕੂਲਾਂ ਵਿਚ ਕੰਮ ਕਰਨ ਵਾਲੇ ਸਟਾਫ ਦਾ ਵੀ ਡਾਟਾ ਰੱਖਿਆ ਜਾ ਰਿਹਾ ਹੈ। ਸ਼ਹਿਰ ਦੇ ਪ੍ਰਾਈਵੇਟ ਸਕੂਲ ਆਪਣੇ-ਆਪਣੇ ਸਟਾਫ ਦੀ ਵੈਰੀਫਿਕੇਸ਼ਨ ਲਈ ਸਬੰਧਤ ਥਾਣੇ ਜਾਂ ਬੀਟ ਸਟਾਫ ਨਾਲ ਸੰਪਰਕ ਕਰ ਰਹੇ ਹਨ। 

ਸ਼ਹਿਰ 'ਚ 191 ਤੋਂ ਵੱਧ ਸਕੂਲ 
ਸ਼ਹਿਰ ਵਿਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਮਿਲਾ ਕੇ 191 ਸਕੂਲ ਹਨ। ਇਨ੍ਹਾਂ ਵਿਚ 115 ਸਰਕਾਰੀ, 7 ਗੌਰਮਿੰਟ ਏਡਡ ਤੇ 69 ਪ੍ਰਾਈਵੇਟ ਸਕੂਲ ਹਨ। ਇਸ ਤੋਂ ਇਲਾਵਾ ਪਿੰਡ ਤੇ ਕਾਲੋਨੀਆਂ ਵਿਚ ਛੋਟੇ-ਛੋਟੇ ਸਕੂਲ ਚੱਲ ਰਹੇ ਹਨ। ਪੁਲਸ ਦੀ ਮੰਨੀਏ ਤਾਂ ਚੰਡੀਗੜ੍ਹ ਵਿਚ 1 ਗੌਰਮਿੰਟ ਨਰਸਰੀ ਸਕੂਲ, 8 ਗੌਰਮਿੰਟ ਪ੍ਰਾਇਮਰੀ ਸਕੂਲ, 13 ਗੌਰਮਿੰਟ ਮਿਡਲ ਸਕੂਲ, 53 ਗੌਰਮਿੰਟ ਹਾਈ ਸਕੂਲ ਤੇ 40 ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਹਨ। 

ਬੱਸ ਡਰਾਈਵਰ ਤੇ ਕੰਡਕਟਰ ਦੀ ਵੈਰੀਫਿਕੇਸ਼ਨ ਵੱਖਰੇ ਤੌਰ 'ਤੇ 
ਚੰਡੀਗੜ੍ਹ ਵਿਚ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿਚ ਬੱਸ ਚਾਲਕ ਤੇ ਕੰਡਕਟਰ ਠੇਕੇਦਾਰ ਨੇ ਲਾਏ ਹੋਏ ਹਨ। ਇਨ੍ਹਾਂ ਚਾਲਕਾਂ ਤੇ ਕੰਡਕਟਰਾਂ ਦੀ ਵੈਰੀਫਿਕੇਸ਼ਨ ਦੀ ਜ਼ਿੰਮੇਵਾਰੀ ਟ੍ਰਾਂਸਪੋਰਟ ਵਿਭਾਗ ਤੇ ਠੇਕੇਦਾਰ ਦੀ ਹੁੰਦੀ ਹੈ। ਚੰਡੀਗੜ੍ਹ ਪੁਲਸ ਖਾਸ ਕਰਕੇ ਬੱਸ ਚਾਲਕ ਤੇ ਕੰਡਕਟਰ ਦੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰ ਰਹੀ ਹੈ। ਜਿਹੜੇ ਬੱਸ ਚਾਲਕ ਤੇ ਕੰਡਕਟਰ ਪੰਚਕੂਲਾ ਜਾਂ ਮੋਹਾਲੀ ਰਹਿੰਦੇ ਹਨ, ਦੀ ਵੈਰੀਫਿਕੇਸ਼ਨ ਸਬੰਧਤ ਥਾਣੇ ਵਿਚ ਕੀਤੀ ਜਾ ਰਹੀ ਹੈ। ਪੁਲਸ ਨੇ ਬੱਸ ਠੇਕੇਦਾਰਾਂ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਕੋਈ ਬੱਸ ਡਰਾਈਵਰ ਜਾਂ ਕੰਡਕਟਰ ਨੌਕਰੀ ਛੱਡ ਜਾਂਦਾ ਹੈ ਤਾਂ ਨਵੇਂ ਬੱਸ ਡਰਾਈਵਰ ਜਾਂ ਕੰਡਕਟਰ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦੇਣੀ ਹੋਵੇਗੀ, ਨਹੀਂ ਤਾਂ ਪੁਲਸ ਠੇਕੇਦਾਰ 'ਤੇ ਕਾਰਵਾਈ ਕਰੇਗੀ।
ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀ ਪ੍ਰਦੁਮਣ ਦੀ ਹੱਤਿਆ ਤੋਂ ਬਾਅਦ ਸ਼ਹਿਰ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਵੈਰੀਫਿਕੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਹੀ ਚੰਡੀਗੜ੍ਹ ਪੁਲਸ ਨੇ ਸਾਰੇ ਸਕੂਲਾਂ ਵਿਚ ਜਾ ਕੇ ਇਨ੍ਹਾਂ ਦੇ ਸਟਾਫ ਦੀ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਸਕੂਲਾਂ ਦੇ ਸਾਰੇ ਪ੍ਰਬੰਧਕਾਂ ਨੇ ਆਪਣੇ-ਆਪਣੇ ਸਕੂਲ ਵਿਚ ਕੰਮ ਕਰਨ ਵਾਲੇ ਸਟਾਫ ਦੀ ਲਿਸਟ ਬਣਾ ਕੇ ਪੁਲਸ ਨੂੰ ਦਿੱਤੀ ਸੀ। 

ਪਹਿਲਾਂ ਵੀ ਹੋ ਚੁੱਕੀ ਹੈ ਛੇੜਛਾੜ ਦੀ ਵਾਰਦਾਤ 
ਸੈਕਟਰ-38 ਦੇ ਸਟੈਪਿੰਗ ਸਟੋਨਜ਼ ਸਕੂਲ ਵਿਚ ਕੇ. ਜੀ. ਦੀ 5 ਸਾਲਾ ਵਿਦਿਆਰਥਣ ਨਾਲ ਬੱਸ ਕੰਡਕਟਰ ਮੁੱਲਾਂਪੁਰ ਨਿਵਾਸੀ ਜਗਜੀਤ ਸਿੰਘ ਨੇ ਛੇੜਛਾੜ ਕੀਤੀ ਸੀ। ਪੁਲਸ ਨੇ ਮੁਲਜ਼ਮ 'ਤੇ ਮਾਮਲਾ ਦਰਜ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਕ ਕਾਨਵੈਂਟ ਸਕੂਲ ਦੇ ਡਾਂਸ ਟੀਚਰ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ 'ਤੇ ਸੈਕਟਰ-34 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। 

ਸਕੂਲਾਂ ਦੇ ਅਧਿਆਪਕ ਤੇ ਹੋਰ ਸਟਾਫ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਾਰੇ ਸਕੂਲਾਂ ਨੂੰ ਆਪਣੇ-ਆਪਣੇ ਸਟਾਫ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। 
-ਨਿਲਾਂਬਰੀ ਵਿਜੇ ਜਗਦਲੇ, ਐੱਸ. ਐੱਸ. ਪੀ.


Related News