ਪਾਬੰਦੀ ਤੋਂ ਬਾਅਦ ਵੀ ਰਿਹਾਇਸ਼ੀ ਇਲਾਕੇ ਅੰਦਰ ਵੱਡੀ ਗਿਣਤੀ ''ਚ ਸਟਾਲਾਂ ਲਗਾ ਕੇ ਵੇਚੇ ਪਟਾਕੇ

10/20/2017 4:27:52 PM


ਜਲਾਲਾਬਾਦ (ਟੀਨੂੰ ਮਦਾਨ) - ਮਾਨਯੋਗ ਸੁਪਰੀਮ ਕੋਰਟ ਵੱਲੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪੰਜਾਬ, ਹਰਿਆਣਾ, ਦਿੱਲੀ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਅੰਦਰ ਆਮ ਲੋਕਾਂ ਵੱਲੋਂ ਪਟਾਕੇ ਨਾ ਚਲਾਉਣ ਦੇ ਨਾਲ ਨਾਲ ਰਿਹਾਇਸ਼ੀ ਇਲਾਕਿਆਂ ਅੰਦਰ ਪਟਾਕੇ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਪੰਜਾਬ ਹਾਈ ਕੋਰਟ ਵੱਲੋਂ ਪੰਜਾਬ ਦੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਅਤੇ ਪੰਜਾਬ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਸੀ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਦੀ ਕੀਤੀ ਕਾਰਵਾਈ ਇਕ ਖਾਨਾਪੂਰਤੀ ਹੀ ਸਾਬਿਤ ਹੋਈ। ਜਿਸ ਕਰਕੇ ਪੰਜਾਬ ਦੀ ਜਨਤਾ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਾਈਆਂ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਦਾ ਰਿਹਾ। 
ਜਲਾਲਾਬਾਦ ਸ਼ਹਿਰ 'ਚ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਾਈ ਕੋਰਟ ਦੇ ਹੁਕਮਾਂ ਦੀਆਂ ਉਲੰਘਣਾ ਕੀਤੀ ਗਈ। ਪਟਾਕਾ ਵਪਾਰੀਆਂ, ਪਟਾਕਿਆਂ ਦੀਆਂ ਸਟਾਲਾਂ ਲਗਾ ਕੇ ਰਿਟੇਲ 'ਚ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਅਤੇ ਆਮ ਜਨਤਾ ਨੇ ਪ੍ਰਸ਼ਾਸਨ ਤੋਂ ਬਿਨ੍ਹਾਂ ਡਰੇ ਸ਼ਰੇਆਮ ਪਟਾਕੇ ਵੇਚੇ ਅਤੇ ਚਲਾਏ। ਇਨ੍ਹਾਂ 'ਤੇ ਨਾ ਤਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਵੱਲੋਂ ਕਿਸੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਲਾਇਸੰਸ ਬਣਾ ਕੇ ਬਹੁਮੰਤਵੀ ਖੇਡ ਸਟੇਡੀਅਮ 'ਚ ਪਟਾਕਿਆਂ ਦੀਆਂ ਸਟਾਲਾਂ ਲਗਾ ਕੇ ਬੈਠੇ ਦੁਕਾਨਦਾਰ ਕਰਦੇ ਰਹੇ ਗਾਹਕਾਂ ਦੀ ਉਡੀਕ
ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਹਾਈ ਕੋਰਟ ਵੱਲੋਂ ਪਟਾਕੇ ਵੇਚਣ ਅਤੇ ਨਾ ਚਲਾਉਣ ਦੇ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਬਾਅਦ ਜ਼ਿਲਾ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਦੀਵਾਲੀ ਤੋਂ 2 ਦਿਨ ਪਹਿਲਾਂ 17 ਅਕਤੂਬਰ ਨੂੰ ਫਾਜ਼ਿਲਕਾ ਜ਼ਿਲੇ ਅੰਦਰ ਪਟਾਕਾ ਹੋਲਸੇਲ ਕਰਨ ਵਾਲੇ ਵਪਾਰੀਆਂ ਅਤੇ ਪਟਾਕਿਆਂ ਦੀ ਸਟਾਲਾਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਲਾਇਸੰਸ ਬਣਾ ਕੇ ਦਿੱਤੇ ਗਏ ਸਨ ਅਤੇ ਪਟਾਕੇ ਵੇਚਣ ਲਈ ਰਿਹਾਇਸ਼ੀ ਇਲਾਕੇ ਤੋਂ ਬਾਹਰ ਸਰਕਾਰੀ ਥਾਵਾਂ ਮਿੱਥੀਆਂ ਗਈਆਂ ਸਨ। ਜਿੱਥੇ ਇਹ ਪਟਾਕਾ ਵਪਾਰੀ ਅਤੇ ਦੁਕਾਨਦਾਰ ਸਟਾਲਾਂ ਲਗਾ ਕੇ ਆਪਣੇ ਆਪਣੇ ਪਟਾਕੇ ਵੇਚ ਸਕਣ। ਇਸ ਦੌਰਾਨ ਜ਼ਿਲਾ ਫਾਜ਼ਿਲਕਾ ਪ੍ਰਸ਼ਾਸ਼ਨ ਵੱਲੋਂ ਜਲਾਲਾਬਾਦ ਸ਼ਹਿਰ ਅੰਦਰ ਵੀ 10 ਦੇ ਕਰੀਬ ਪਟਾਕਾ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਲਾਇਸੰਸ ਜਾਰੀ ਕਰਕੇ ਪਟਾਕੇ ਵੇਚਣ ਲਈ ਬਹੁਮੰਤਵੀ ਖੇਡ ਸਟੇਡੀਅਮ ਦੀ ਪਾਰਕਿੰਗ ਵਾਲੀ ਥਾਂ ਨਿਸ਼ਚਿਤ ਕੀਤੀ ਗਈ। ਦੁਕਾਨਦਾਰਾਂ ਵੱਲੋਂ ਪਟਾਕਿਆਂ ਦੀਆਂ ਸਟਾਲਾਂ ਲੱਗਣ ਕਰਕੇ ਬਹੁਮੰਤਵੀ ਖੇਡ ਸਟੇਡੀਅਮ 'ਚ ਪਟਾਕਿਆਂ ਦੀਆਂ ਸਟਾਲਾਂ ਲਗਾ ਕੇ ਬੈਠੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਕੋਲ ਕੋਈ ਵੀ ਗਾਹਕ ਨਾ ਪੁੱਜਿਆ ਅਤੇ ਵਪਾਰੀ ਵਿਹਲੇ ਬੈਠੇ ਗਾਹਕ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। 

PunjabKesari

ਬਹੁਮੰਤਵੀ ਖੇਡ ਸਟੇਡੀਅਮ 'ਚ ਵੀ ਨਹੀਂ ਸਨ ਪੁਖਤਾ ਪ੍ਰਬੰਧ
ਪਟਾਕੇ ਵੇਚਣ ਲਈ ਪ੍ਰਸ਼ਾਸਨ ਵੱਲੋਂ ਨਿਸ਼ਚਿਤ ਕੀਤੀ ਥਾਂ ਬਹੁਮੰਤਵੀ ਖੇਡ ਸਟੇਡੀਅਮ ਦੀ ਪਾਰਕਿੰਗ ਵਾਲੀ ਥਾਂ 'ਤੇ ਕਿਸੇ ਪ੍ਰਕਾਰ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਸਨ। ਸਟੇਡੀਅਮ ਦੀ ਪਾਰਕਿੰਗ ਕੱਚੀ ਹੋਣ ਕਰਕੇ ਹਵਾ ਚੱਲਣ ਕਰਕੇ ਮਿੱਟੀ ਉੱਡਦੀ ਰਹੀ ਅਤੇ ਪਾਰਕਿੰਗ 'ਚ ਆਵਾਰਾ ਜਾਨਵਰ ਸ਼ਰੇਆਮ ਘੁੰਮਦੇ ਦਿਖਾਈ ਦਿੱਤੇ। 

ਨਿਰਧਾਰਿਤ ਸਮੇਂ ਤੋਂ ਬਾਅਦ ਵੀ ਦੇਰ ਰਾਤ ਤੱਕ ਚੱਲਦੇ ਰਹੇ ਪਟਾਕੇ
ਮਾਨਯੋਗ ਹਾਈ ਕੋਰਟ ਵੱਲੋਂ ਪਟਾਕੇ ਵੇਚਣ ਅਤੇ ਨਾ ਚਲਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਮਾਨਯੋਗ ਪੰਜਾਬ ਹਾਈ ਕੋਰਟ ਵੱਲੋਂ ਪੰਜਾਬ ਅੰਦਰ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਜਿਸ 'ਚ ਮਾਨਯੋਗ ਪੰਜਾਬ ਹਾਈ ਕੋਰਟ ਵੱਲੋਂ ਸ਼ਾਮ ਸਾਢੇ 6 ਵਜੇ ਤੋਂ ਲੈ ਕੇ ਰਾਤ ਸਾਢੇ 9 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਰੱਖਿਆ ਗਿਆ ਸੀ ਪਰ ਲੋਕ ਰਾਤ 12 ਵਜੇ ਤੋਂ ਬਾਅਦ ਵੀ ਪਟਾਕੇ ਚਲਾਉਂਦੇ ਰਹੇ ਅਤੇ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਸਖ਼ਤੀ ਨਾ ਵਰਤਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ।


Related News