ਸ੍ਰੀ ਹਰਿਮੰਦਰ ਸਾਹਿਬ ''ਚ ਸੋਲਰ ਊਰਜਾ ਤੋਂ ਬਣਨ ਵਾਲੀ ਭਾਫ ਨਾਲ ਤਿਆਰ ਹੋਵੇਗਾ ਲੰਗਰ

06/27/2017 12:23:49 PM

ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਉਚੇਚੇ ਯਤਨਾਂ ਸਦਕਾ ਪ੍ਰਦੂਸ਼ਣ ਦੇ ਰੋਕਥਾਮ ਲਈ ਜਲਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੇ ਲੰਗਰ ਸੋਲਰ ਊਰਜਾ ਤੋਂ ਬਣਨ ਵਾਲੀ ਭਾਫ ਨਾਲ ਤਿਆਰ ਕੀਤਾ ਜਾਵੇਗਾ।
ਇਸ ਸਬੰਧੀ ਅੱਜ ਪੇਡਾ ਪੰਜਾਬ ਦੇ ਡਾਇਰੈਕਟਰ ਬਲੌਰ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਬਣੀ ਇਮਾਰਤ ਦੇ ਉੱਪਰ ਲੱਗਣ ਵਾਲੇ ਸੋਲਰ ਊਰਜਾ ਸਿਸਟਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਅਤੇ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ. ਸੁਲੱਖਣ ਸਿੰਘ ਭੰਗਾਲੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰਾਂ ਨਾਲ ਡਾਇਰੈਕਟਰ ਪੇਡਾ ਪੰਜਾਬ ਬਲੌਰ ਸਿੰਘ ਨੇ ਸੋਲਰ ਊਰਜਾ ਸਿਸਟਮ ਲਗਾਉਣ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਟਿੰਗ ਕਰ ਕੇ ਇਸ ਪ੍ਰਾਜੈਕਟ ਸਬੰਧੀ ਸਮੁੱਚੀ ਜਾਣਕਾਰੀ ਦਿੱਤੀ।
ਇਸ ਬਾਰੇ ਪੇਡਾ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਵਿਸ਼ੇਸ਼ ਉਪਰਾਲੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਜਲਦ ਹੀ ਸੋਲਰ ਊਰਜਾ ਸਿਸਟਮ ਲਗਾ ਕੇ ਉਸ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਘਰ ਲਈ ਸਬਜ਼ੀਆਂ, ਦਾਲਾਂ, ਪ੍ਰਸ਼ਾਦੇ ਤਿਆਰ ਕਰ ਕੇ ਸੰਗਤਾਂ ਨੂੰ ਛਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਇਸ ਸੋਲਰ ਊਰਜਾ ਸਿਸਟਮ ਦੀ ਸੇਵਾ (ਐਨਪਾਰ ਗਰੁੱਪ ਮੁੰਬਈ) ਵੱਲੋਂ ਪੇਡਾ ਪੰਜਾਬ ਰਾਹੀਂ ਕੀਤੀ ਜਾ ਰਹੀ ਹੈ। 
ਪੇਡਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਖਜਿੰਦਰ ਸਿੰਘ ਜੇ.ਈ., ਸ. ਗੁਰਿੰਦਰ ਸਿੰਘ ਮੈਨੇਜਰ, ਸ. ਹਰਜਿੰਦਰ ਸਿੰਘ ਭੂਰਾਕੋਹਨਾ, ਸ. ਹਰਪ੍ਰੀਤ ਸਿੰਘ, ਸ. ਲਖਵਿੰਦਰ ਸਿੰਘ ਬੱਦੋਵਾਲ, ਸ. ਸਤਨਾਮ ਸਿੰਘ, ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ ਸਾਰੇ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਹਾਜ਼ਰ ਸਨ।





 


Related News