ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਸ਼ਖਤ ਸ਼ਬਦਾਂ 'ਚ ਨਿੰਦਾ

08/19/2017 9:35:57 AM

ਅੰਮ੍ਰਿਤਸਰ (ਬਿਊਰੋ) - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁੱਖੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਨਾਲ ਕਿਸੇ ਵੇਲੇ ਵੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਸੰਪਰਦਾਵਾਂ ਕੋਈ ਵੀ ਅਜਿਹਾ ਕਾਰਜ ਨਾ ਕਰਨ ਜਿਸ ਨਾਲ ਕੌਮ 'ਚ ਦੁਬਿਧਾ ਪੈਦਾ ਹੋਵੇ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਠਾਕਰ ਦਲੀਪ ਸਿੰਘ ਨਾਮਧਾਰੀ ਬੈਠੇ ਹੋਏ ਹਨ ਅਤੇ ਕੁਝ ਔਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ੁਸ਼ੋਭਿਤ ਆਰਤੀ ਦਾ ਕੀਰਤਨ ਕਰਦਿਆਂ ਠਾਕੁਰ ਦਲੀਪ ਸਿੰਘ ਦੀ ਆਰਤੀ ਉਤਾਰ ਰਹੀਆਂ ਹਨ, ਜੋ ਕਿ ਘੋਰ-ਮਨਮੱਤ ਹੈ ਅਤੇ ਇਸ ਨੂੰ ਵੇਖ ਕੇ ਸ੍ਰੀ ਗੁਰੂ ਗ੍ਰੰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰ ਸਿੱਖ ਦਾ ਹਿਰਦਾ ਵਲੂੰਧਰਿਆਂ ਗਿਆ ਹੈ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਅਜਿਹੀਆਂ ਮਨਮੱਤੀ ਕਾਰਵਾਈਆਂ ਦੀ ਗੁਰਬਾਣੀ 'ਚ ਨਿਖੇਧੀ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾਂ ਗੁਰਬਾਣੀ ਦਾ ਘੋਰ ਨਿਰਾਦਰ ਹੈ। ਸਿੱਖ ਕੌਮ ਤਾਂ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੀ ਆ ਰਹੀ ਹੈ ਪਰ ਕਿਸੇ ਸਿੱਖ ਵੱਲੋਂ ਹੀ ਇਸ ਤਰ੍ਹਾਂ ਦੀ ਘਿਨੌਣੀ ਕਾਰਵਾਈ ਕਰਨੀ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਕਰਨੀਆਂ ਕਿਸੇ ਗਿਣੀ-ਮਿਥੀ ਸਾਜਿਸ਼ ਦਾ ਨਤੀਜਾ ਹੀ ਹੋ ਸਕਦੀਆਂ ਹਨ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਵੱਲੋਂ ਸਮੇਂ-ਸਮੇਂ ਸਿੱਖ ਧਰਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਅੱਜ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਨਾਮਧਾਰੀ ਸੰਪਰਦਾ ਨੂੰ ਸ਼ੋਭਾ ਨਹੀਂ ਦਿੰਦੀਆਂ।


Related News