5 ਆਰਟਸ ਬਲਾਕਾਂ ਦੇ 20 ਵਿਭਾਗਾਂ ''ਚ ਕੀਤੀ ਅਚਾਨਕ ਚੈਕਿੰਗ

08/18/2017 6:12:48 AM

ਪਟਿਆਲਾ  (ਜੋਸਨ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੈੱਸ. ਘੁੰਮਣ ਵੱਲੋਂ ਅੱਜ ਅਧਿਆਪਕਾਂ ਦੇ ਕੰਮਕਾਜ ਅਤੇ ਉਪਲਬਧਤਾ ਦੇ ਮੱਦੇਨਜ਼ਰ 5 ਆਰਟਸ ਬਲਾਕਾਂ ਦੇ 20 ਵਿਭਾਗਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਮੌਕੇ 'ਤੇ ਹੀ ਵੀ. ਸੀ. ਵੱਲੋਂ ਕੰਮ ਕਰਨ ਵਾਲਿਆਂ ਪਿੱਠ ਥਾਪੜੀ ਅਤੇ ਨਾ ਕੰਮ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਸਿੰਘ ਮਾਨ ਮੌਜੂਦ ਸਨ। ਜਿਉਂ ਹੀ ਵੀ. ਸੀ. ਭਲਵਾਨੀ ਦੌਰੇ 'ਤੇ ਨਿਕਲੇ, ਨਾ ਕੰਮ ਕਰਨ ਵਾਲੇ ਤੇ ਵਿਭਾਗਾਂ ਵਿਚ ਗੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਦੇ ਸਾਹ ਫੁੱਲ ਗਏ। ਸਭ ਆਪੋ-ਆਪਣੇ ਵਿਭਾਗਾਂ ਵੱਲ ਨੂੰ ਦੌੜਦੇ ਨਜ਼ਰ ਆਏ।
ਇਸ ਮੌਕੇ ਡਾ. ਘੁੰਮਣ ਨੇ ਡਿਊਟੀ ਈਮਾਨਦਾਰੀ ਨਾਲ ਨਿਭਾਉਣ ਵਾਲੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਗੈਰ-ਹਾਜ਼ਰ ਅਧਿਆਪਕਾਂ ਬਾਰੇ ਉਨ੍ਹਾਂ ਦੇ ਸੰਬੰਧਿਤ ਵਿਭਾਗਾਂ ਦੇ ਸਹਿਯੋਗੀ ਸਟਾਫ ਨੂੰ ਇਹ ਸੰਦੇਸ਼ ਦਿੱਤਾ ਕਿ ਇਹ ਅਧਿਆਪਕ ਭਵਿੱਖ ਵਿਚ ਸੁਚੇਤ ਹੋ ਕੇ ਕੰਮ ਕਰਨ। ਡਾ. ਘੁੰਮਣ ਨੇ ਅੱਗੇ ਕਿਹਾ ਕਿ ਅਧਿਆਪਕਾਂ ਦੀ ਗੈਰ-ਹਾਜ਼ਰੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਡਾ. ਘੁੰਮਣ ਨੇ ਸਟਾਫ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਖਾਲੀ ਕਮਰਿਆਂ ਵਿਚ ਏ. ਸੀ., ਲਾਈਟਾਂ ਅਤੇ ਪੱਖੇ ਚਲਦੇ ਰਹਿੰਦੇ ਹਨ, ਜਿਸ ਨਾਲ ਬਿਜਲੀ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਹਿਲਾਂ ਤੋਂ ਹੀ ਮੌਜੂਦ ਗਲੋਬਲ ਵਾਰਮਿੰਗ ਅਤੇ ਦੇਸ਼ ਵਿਚ ਬਿਜਲੀ ਦੀ ਘਾਟ ਨਾਲ ਸਥਿਤੀ ਹੋਰ ਗੰਭੀਰ ਹੋ ਰਹੀ ਹੈ।
ਇਸ ਮੌਕੇ ਉਨ੍ਹਾਂ ਕਾਰਜਕਾਰੀ ਇੰਜੀਨੀਅਰ ਐੈੱਮ. ਐੈੱਸ. ਸਿੱਧੂ ਅਤੇ ਉਨ੍ਹਾਂ ਦੇ ਸਟਾਫ ਨੂੰ ਯੂਨੀਵਰਸਿਟੀ ਦੇ ਹਰ ਕੋਨੇ ਵਿਚ ਸਾਫ-ਸੁਥਰਾ ਵਾਤਾਵਰਣ ਕਾਇਮ ਕਰਨ, ਟਾਇਲਟਾਂ ਦੀ ਸਾਂਭ-ਸੰਭਾਲ ਕਰਨ ਅਤੇ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹਿਯੋਗੀ ਸਟਾਫ ਦੀ ਸਿਹਤ ਦਾ ਧਿਆਨ ਰੱਖਣ ਲਈ ਸਾਵਧਾਨ ਕੀਤਾ। ਡਾ. ਘੁੰਮਣ ਨੇ ਰਜਿਸਟਰਾਰ ਨੂੰ ਯੂਨੀਵਰਸਿਟੀ ਦਾ ਸੁੰਦਰ ਅਤੇ ਸਾਫ-ਸੁਥਰਾ ਮਾਹੌਲ ਬਣਾਉਣ ਲਈ  ਕੀਤੇ ਜਾਣ ਵਾਲੇ ਕਾਰਜਾਂ ਵਿਚ ਨਿੱਜੀ ਦਿਲਚਸਪੀ ਲੈਣ ਲਈ ਆਖਿਆ।
ਕਲਾਸਾਂ ਨੂੰ ਚੈਕਿੰਗ ਕਰਨ ਵਾਲੇ ਪਹਿਲੇ ਵੀ. ਸੀ. ਡਾਕਟਰ ਘੁੰਮਣ
ਆਪਣੇ ਸਟਾਈਲ ਵਿਚ ਕੰਮ ਕਰਨ ਦੇ ਮਾਹਿਰ ਸਮਝੇ ਜਾਂਦੇ ਵੀ. ਸੀ. ਡਾਕਟਰ ਘੁੰਮਣ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਕਲਾਸਾਂ ਨੂੰ ਚੈੱਕ ਕਰਨ ਵਾਲੇ ਪਹਿਲੇ ਵੀ. ਸੀ. ਬਣ ਗਏ ਹਨ। ਕੱਲ ਉਨ੍ਹਾਂ ਜੁਆਇਨ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀ ਦਹਿਲੀਜ਼ 'ਤੇ ਮੱਥਾ ਟੇਕਿਆ ਸੀ। ਇਸ ਗੱਲ ਦੀ ਬੇਹੱਦ ਚਰਚਾ ਹੋਈ ਸੀ। ਅੱਜ ਫਿਰ ਤੀਜੇ ਦਿਨ ਹੀ ਵੀ. ਸੀ. ਯੂਨੀਵਰਸਿਟੀ ਦੀਆਂ ਕਲਾਸਾਂ ਦੀ ਚੈਕਿੰਗ ਕਰਨ ਨਿਕਲ ਗਏ ਤੇ ਇਸ ਚੈਕਿੰਗ ਨੇ ਕਈ ਸੁਨੇਹੇ ਦਿੱਤੇ ਹਨ। ਇਸ ਤੋਂ ਸਪਸ਼ੱਟ ਹੋ ਗਿਆ ਹੈ ਕਿ ਕਮਚੋਰਾਂ ਦਾ ਹੁਣ ਯੂਨੀਵਰਸਿਟੀ ਵਿਚ ਦਾਲ ਨਹੀਂ ਗਲੇਗੀ।


Related News