ਰਾਜਪੁਰਾ ਦੇ ਸਟੇਸ਼ਨ ''ਤੇ ਚਲਾਇਆ ਵਿਸ਼ੇਸ਼ ਚੈਕਿੰਗ ਅਭਿਆਨ

08/14/2017 7:50:52 AM

ਰਾਜਪੁਰਾ  (ਹਰਵਿੰਦਰ) - ਦੇਰ ਸ਼ਾਮ ਰਾਜਪੁਰਾ ਦੇ ਰੇਲਵੇ ਸਟੇਸ਼ਨ 'ਤੇ ਆਰ. ਪੀ. ਐੱਫ. ਦੀ ਸੀਨੀਅਰ ਡਵੀਜ਼ਨਲ ਕਮਾਂਡਰ ਮੈਡਮ ਗਗਨਜੋਤ ਕੌਰ ਬਰਾੜ ਵੱਲੋਂ ਪੂਰੇ ਵਿਭਾਗ ਦੇ ਨਾਲ ਰਾਜਪੁਰਾ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਸਵਾਰੀਆਂ ਅਤੇ ਸਟੇਸ਼ਨ ਦੇ ਹਰ ਕੋਨੇ 'ਤੇ ਰੁਕਣ ਵਾਲੀਆ ਰੇਲ-ਗੱਡੀਆਂ ਦੀ ਬੜੀ ਹੀ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ। ਇਹ ਵਿਸ਼ੇਸ਼ ਚੈਕਿੰਗ 15 ਅਗਸਤ ਦੇ ਮੱਦੇਨਜ਼ਰ ਕੀਤੀ ਗਈ। ਚੈਕਿੰਗ ਵਿਚ ਆਰ. ਪੀ. ਐੱਫ. ਚੌਕੀ ਅੰਬਾਲਾ ਦੇ ਇੰਚਾਰਜ ਸੁਖਦੇਵ ਸਿੰਘ, ਸੀ. ਆਈ. ਡੀ. ਬ੍ਰਾਂਚ ਦੇ ਇੰਚਾਰਜ ਅਜੇ ਕੁਮਾਰ ਅਤੇ ਰਾਜਪੁਰਾ ਆਰ ਪੀ. ਐੱਫ. ਚੌਕੀ ਦੇ ਇੰਚਾਰਜ ਜਾਗਰ ਸਿੰਘ ਵੱਲੋਂ ਪੂਰੀ ਮੁਸਤੈਦੀ ਦਿਖਾਉਂਦਿਆਂ ਸਟੇਸ਼ਨ 'ਤੇ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਤਲਾਸ਼ੀ ਲਈ ਗਈ। ਕਮਾਂਡਰ ਮੈਡਮ ਬਰਾੜ ਵੱਲੋਂ ਰੇਲਵੇ ਸਟੇਸ਼ਨ 'ਤੇ ਆਈ 64512 ਪੈਸੇਂਜਰ ਗੱੱਡੀ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ, ਜਿਸ ਵਿਚ ਔਰਤ ਦੇ ਕੋਚ ਡੱਬੇ 'ਚ 13 ਦੇ ਕਰੀਬ ਪੁਰਸ਼ ਸਫਰ ਕਰ ਰਹੇ ਸਨ। ਉਨ੍ਹਾਂ ਨੂੰ ਫੜ ਕੇ ਜੁਰਮਾਨਾ ਲਾਉਣ ਦੇ ਆਦੇਸ਼ ਦਿੱਤੇ ਗਏ। ਚੈਕਿੰਗ ਅਭਿਆਨ ਵਿਚ ਡਾਗ ਸਕੁਐਡ ਦੀ ਵੀ ਮਦਦ ਲਈ ਗਈ। ਇਸ ਮੌਕੇ ਸੀਨੀਅਰ ਡਵੀਜ਼ਨਲ ਕਮਾਂਡਰ ਗਗਨਜੋਤ ਕੌਰ ਬਰਾੜ ਨੇ ਦੱਸਿਆ ਕਿ ਅੰਬਾਲਾ ਡਵੀਜ਼ਨ ਦੇ ਸਾਰੇ ਸਟੇਸ਼ਨਾਂ 'ਤੇ 15 ਅਗਸਤ ਦੇ ਮੱਦੇਨਜ਼ਰ ਹਾਈ ਅਲਰਟ ਕੀਤਾ ਹੋਇਆ ਹੈ, ਜਿਸ ਕਾਰਨ ਸਾਰੇ ਸਟੇਸ਼ਨਾਂ 'ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।  ਇਸ ਦੌਰਾਨ ਮੈਡਮ ਬਰਾੜ ਨੇ ਸਵਾਰੀਆਂ ਦੀ ਸੁਰੱਖਿਆ ਲਈ 182 ਨੰਬਰ 'ਤੇ ਕਾਲ ਕਰ ਆਪਣੀ ਸਫਰ ਦੌਰਾਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਾਉਣ ਬਾਰੇ ਜਾਗਰੂਕ ਵੀ ਕੀਤਾ।


Related News