ਸੂਲਰ ਘਰਾਟ ਪਟਾਕਾ ਫੈਕਟਰੀ ਧਮਾਕੇ ਦੇ ਜ਼ਿੰਮੇਵਾਰਾਂ ਖਿਲਾਫ ਹੋਵੇ ਸਖਤ ਕਾਰਵਾਈ : ਭਗਵੰਤ ਮਾਨ

09/22/2017 1:35:04 PM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)—ਸੂਲਰ ਘਰਾਟ ਪਟਾਕਾ ਗੋਦਾਮ ਧਮਾਕੇ ਤੋਂ ਬਾਅਦ ਸੁਨਾਮ ਸਿਵਲ ਹਸਪਤਾਲ ਵਿਖੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਐੱਮ. ਪੀ. ਸੰਗਰੂਰ ਭਗਵੰਤ ਮਾਨ, ਐੱਮ. ਐੱਲ. ਏ. ਦਿੜ੍ਹਬਾ ਹਰਪਾਲ ਸਿੰਘ ਚੀਮਾ ਅਤੇ ਕਾਂਗਰਸ ਦੇ ਦਿੜ੍ਹਬਾ ਤੋਂ ਇੰਚਾਰਜ ਅਜੈਬ ਸਿੰਘ ਰਟੌਲ ਪਹੁੰਚੇ।
ਇਸ ਮੌਕੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ, ਜਿਸ ਵਿਚ ਕਈ ਪਰਿਵਾਰਾਂ ਦੇ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜੇ ਪ੍ਰਸ਼ਾਸਨ ਸਹੀ ਕਾਰਵਾਈ ਕਰਦਾ ਤਾਂ ਇਸ ਦੁਖਦਾਈ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਵੀ ਸੁਨਾਮ ਦੇ ਨੀਲੋਵਾਲ ਰੋਡ 'ਤੇ ਪਟਾਕਾ ਗੋਦਾਮ 'ਚ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਗੈਰ-ਕਾਨੂੰਨੀ ਕੰਮ ਨੂੰ ਬੰਦ ਨਹੀਂ ਕਰਵਾਇਆ। 
ਉਨ੍ਹਾਂ ਡੀ. ਐੱਸ. ਪੀ. ਦਫਤਰ ਤੋਂ 100 ਮੀਟਰ ਨੇੜੇ ਇਹ ਹਾਦਸਾ ਹੋਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਪੁਲਸ ਅਤੇ ਪ੍ਰਸ਼ਾਸਨ 'ਤੇ ਮਿਲੀਭੁਗਤ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇ ਅਤੇ ਅਜਿਹੇ ਗੋਦਾਮਾਂ ਅਤੇ ਫੈਕਟਰੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ।

ਕੀ ਕਹਿੰਦੇ ਨੇ ਡੀ. ਐੱਸ. ਪੀ.
ਦੂਜੇ ਪਾਸੇ ਡੀ. ਐੱਸ. ਪੀ. ਦਿੜ੍ਹਬਾ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ 'ਚ ਪੁਲਸ ਨੇ ਦੋ ਵਿਅਕਤੀਆਂ ਪ੍ਰਦੀਪ ਅਤੇ ਗਾਂਧੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਅਤੇ 5 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਸੰਗਰੂਰ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਪੀੜਤਾਂ ਨੇ ਕੀਤੀ ਇਨਸਾਫ ਲਈ ਫਰਿਆਦ
ਇਸ ਮੌਕੇ ਮਾਰੇ ਗਏ ਨੌਜਵਾਨਾਂ ਦੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਇਸ ਫੈਕਟਰੀ ਵਿਚ ਕੁਝ ਸਮੇਂ ਤੋਂ ਪਟਾਕੇ ਬਣਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਸ ਫੈਕਟਰੀ ਵਿਚ ਕੋਈ ਖਤਰਾ ਨਹੀਂ, ਜਿਸ ਕਾਰਨ ਉਨ੍ਹਾਂ ਆਪਣੇ ਲਾਡਲਿਆਂ ਨੂੰ ਇਸ ਫੈਕਟਰੀ ਵਿਚ ਕੰਮ ਕਰਨ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਕਤ ਹਾਦਸੇ ਦੇ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ।


Related News