ਸਮਾਰਟ ਪਾਰਕਿੰਗ ਸਿਸਟਮ ਲਾਗੂ ਪਰ ਸਮੱਸਿਆਵਾਂ ਬਰਕਰਾਰ

07/23/2017 7:43:10 AM

ਚੰਡੀਗੜ੍ਹ  (ਰਾਏ) -  ਨਗਰ ਨਿਗਮ ਨੇ ਸ਼ਹਿਰ 'ਚ ਸਮਾਰਟ ਪਾਰਕਿੰਗ ਸਿਸਟਮ ਲਾਗੂ ਕਰਨਾ ਤਾਂ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਵੀ ਪਾਰਕਿੰਗ 'ਚ ਸਿਸਟਮ ਠੀਕ ਨਹੀਂ ਹੈ ਤੇ ਲੋਕਾਂ ਨੂੰ ਉਥੇ ਪੁਰਾਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਕਿੰਗ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਕਾਰਾਂ ਪਾਰਕ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਰਸਤਾ ਤੰਗ ਹੋ ਜਾਂਦਾ ਹੈ ਤੇ ਕਾਰ ਕੱਢਣ 'ਚ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ। ਨਿਗਮ ਨੇ ਮੁੰਬਈ ਦੀ ਕੰਪਨੀ ਆਰਿਆ ਇਨਫਰਾ ਲਿਮ. ਨੂੰ 14.47 ਕਰੋੜ ਰੁਪਏ 'ਚ ਸਾਰੀਆਂ 26 ਪਾਰਕਿੰਗਾਂ ਦਾ ਕੰਮ ਅਲਾਟ ਕੀਤਾ ਸੀ। ਕੰਪਨੀ ਨੇ 15 ਜੂਨ ਤੋਂ ਸਾਰੀਆਂ ਪਾਰਕਿੰਗਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਸਮਾਰਟ ਪਾਰਕਿੰਗ ਸਿਸਟਮ ਤਾਂ ਕੰਪਨੀ ਸਾਰੀਆਂ ਪਾਰਕਿੰਗ 'ਚ ਅਪਣਾ ਰਹੀ ਹੈ, ਥਰਮਲ ਪ੍ਰਿੰਟ ਨਾਲ ਪਰਚੀ ਕੱਟੀ ਜਾ ਰਹੀ ਹੈ ਤੇ ਪਾਰਕਿੰਗ 'ਚ ਸਟਾਫ ਵੀ ਤਾਇਨਾਤ ਹੈ ਪਰ ਇਸਦੇ ਬਾਵਜੂਦ ਸਮੱਸਿਆਵਾਂ ਉਹੀ ਪੁਰਾਣੀਆਂ ਹਨ। ਵਾਹਨ ਬੇਤਰਤੀਬੇ ਖੜ੍ਹੇ ਰਹਿੰਦੇ ਹਨ ਤੇ ਲੋਕਾਂ ਨੂੰ ਪਾਰਕਿੰਗ 'ਚੋਂ ਆਪਣੇ ਵਾਹਨ ਕੱਢਣ 'ਚ ਵੀ ਦੁੱਗਣਾ ਸਮਾਂ ਲਗ ਰਿਹਾ ਹੈ।
ਸ਼ਹਿਰ ਦੀਆਂ 26 ਪਾਰਕਿੰਗਾਂ 'ਚ ਵਾਹਨ ਪਾਰਕ ਕਰਨ ਦੀ ਵੱਖ-ਵੱਖ ਸਮਰੱਥਾ ਹੈ। ਕਿਸੇ ਪਾਰਕਿੰਗ 'ਚ 500, ਕਿਸੇ 'ਚ 300 ਤੇ 200 ਵਾਹਨ ਪਾਰਕ ਕਰਨ ਲਈ ਥਾਂ ਹੈ ਪਰ 40 ਫੀਸਦੀ ਵਾਹਨ ਅਜੇ ਵੀ ਮੇਨ ਰੋਡ ਬਰਮ ਤੇ ਨੋ-ਪਾਰਕਿੰਗ ਏਰੀਆ 'ਚ ਪਾਰਕ ਹੋ ਰਹੇ ਹਨ। ਇਸ ਕਾਰਨ ਹਮੇਸ਼ਾ ਹੀ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।  ਨਿਗਮ ਨੇ ਸ਼ਹਿਰ 'ਚ ਸਮਾਰਟ ਪਾਰਕਿੰਗ ਸਿਸਟਮ ਤਾਂ ਸ਼ੁਰੂ ਕੀਤਾ ਹੈ ਪਰ ਮਲਟੀ ਲੈਵਲ ਪਾਰਕਿੰਗ ਦੀ ਸਹੀ ਵਰਤੋਂ ਨਹੀਂ ਹੋ ਰਹੀ ਹੈ। ਉਥੇ ਲਗਭਗ 900 ਵਾਹਨ ਪਾਰਕ ਕਰਨ ਦੀ ਥਾਂ ਹੈ ਪਰ ਹਰ ਰੋਜ਼ ਇਥੇ 300-400 ਵਾਹਨ ਹੀ ਪਾਰਕ ਹੁੰਦੇ ਹਨ। ਜਿਸ ਦਿਨ ਸੈਕਟਰ-17 'ਚ ਕੋਈ ਵੱਡਾ ਪ੍ਰੋਗਰਾਮ ਜਾਂ ਵੀ. ਆਈ. ਪੀ. ਦੌਰਾ ਵੀ ਹੁੰਦਾ ਹੈ, ਉਸ ਦਿਨ ਸਿਰਫ 600 ਤਕ ਵਾਹਨ ਹੀ ਇਥੇ ਪਾਰਕ ਹੁੰਦੇ ਹਨ, ਜਦੋਂਕਿ ਬਾਕੀ ਸਾਰੀਆਂ ਪਾਰਕਿੰਗਾਂ ਹਮੇਸ਼ਾ ਫੁੱਲ ਰਹਿੰਦੀਆਂ ਹਨ।
ਸੈਕਟਰ-17 'ਚ ਸਾਰੀਆਂ ਪਾਰਕਿੰਗਾਂ 'ਚ ਲੋੜੀਂਦੀ ਥਾਂ ਹੈ ਪਰ ਸਿਸਟਮ ਕੋਈ ਨਹੀਂ ਹੈ। ਦੋ ਪਹੀਆ ਵਾਹਨਾਂ ਦੇ ਵਿਚਕਾਰ ਹੀ ਚਾਰਪਹੀਆ ਵਾਹਨ ਖੜ੍ਹੇ ਹੁੰਦੇ ਹਨ। ਜਿਥੇ 10 ਗੱਡੀਆਂ ਪਾਰਕ ਹੋ ਸਕਦੀਆਂ ਹਨ, ਉਥੇ ਗਲਤ ਢੰਗ ਨਾਲ 5 ਗੱਡੀਆਂ ਹੀ ਪਾਰਕ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਅੱਧੇ ਵਾਹਨ ਤਾਂ ਬਾਹਰ ਹੀ ਖੜ੍ਹੇ ਹੁੰਦੇ ਹਨ।
ਸਾਈਕਲਾਂ ਦੀ ਪਾਰਕਿੰਗ ਲਈ ਵੱਖਰੀ ਥਾਂ ਨਹੀਂ ਹੈ। ਪਾਰਕਿੰਗ 'ਚ ਵਾਹਨਾਂ ਦੇ ਆਉਣ-ਜਾਣ ਲਈ ਕੋਈ ਥਾਂ ਨਹੀਂ ਬਚਦੀ, ਜਿਸ ਨਾਲ ਕਈ ਵਾਰ ਲੋਕਾਂ ਨੂੰ ਘੰਟਿਆਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ।


Related News