ਸਮਾਰਟ ਸਿਟੀ ਮਿਸ਼ਨ : ਵਿਵਾਦ ਦੇ ਡਰੋਂ ਸਿਆਸੀ ਨੇਤਾਵਾਂ ਨੂੰ ਕੀਤਾ ਉਦਘਾਟਨ ਤੋਂ ਦੂਰ

06/26/2017 8:55:51 AM

ਲੁਧਿਆਣਾ (ਹਿਤੇਸ਼)-ਸਮਾਰਟ ਸਿਟੀ ਮਿਸ਼ਨ ਦੀ ਦੂਜੀ ਵਰ੍ਹੇਗੰਢ ਦੇ ਮੌਕੇ 'ਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਬਾਰੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਇਕ ਦੇ ਬਾਅਦ ਇਕ ਕਰ ਕੇ ਹਵਾ ਨਿਕਲ ਰਹੀ ਹੈ, ਜਿਸਦੇ ਤਹਿਤ ਪਹਿਲਾਂ ਚਾਰ ਅਤੇ ਫਿਰ ਦੋ ਕੰਮਾਂ ਦੀ ਸ਼ੁਰੂਆਤ ਕਰਨ ਦਾ ਢਿੰਡੋਰਾ ਪਿੱਟਿਆ ਗਿਆ, ਜਦਕਿ ਅਸਲੀਅਤ ਇਹ ਹੈ ਕਿ ਐਤਵਾਰ ਨੂੰ ਰਾਹਗੀਰੀ-ਡੇ ਤਹਿਤ ਹੋ ਰਹੇ ਸਮਾਰੋਹ ਨੂੰ ਸਮਾਰਟ ਸਿਟੀ ਦੀ ਵਰ੍ਹੇਗੰਢ ਦਾ ਨਾਂ ਦੇ ਕੇ ਆਰਤੀ ਚੌਕ 'ਚ ਜੋ ਸਿਰਫ ਸਾਈਨਜ਼ ਲਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਉਸ 'ਚ ਵੀ ਗਰਾਊਂਡ 'ਤੇ ਕੰਮ ਸ਼ੁਰੂ ਹੋਣ ਦੀ ਜਗ੍ਹਾ ਕਮਿਸ਼ਨਰ ਵੱਲੋਂ ਨਾਰੀਅਲ ਤੋੜਿਆ ਗਿਆ, ਹਾਲਾਂਕਿ ਪਿਛਲੇ ਦਿਨਾਂ ਦੌਰਾਨ ਹੋਏ ਵਿਵਾਦਾਂ ਦੇ ਮੱਦੇਨਜ਼ਰ ਸਿਆਸੀ ਨੇਤਾਵਾਂ ਨੂੰ ਪੂਰੇ ਈਵੈਂਟ ਤੋਂ ਦੂਰ ਰੱਖਿਆ ਗਿਆ।

ਬੋਰਡ ਆਫ ਡਾਇਰੈਕਟਰ ਲਾ ਚੁੱਕੇ ਹਨ ਵਿਸ਼ਵਾਸ 'ਚ ਨਾ ਲੈਣ ਦਾ ਦੋਸ਼
ਨਗਰ ਨਿਗਮ ਵੱਲੋਂ ਫੰਡ ਦੀ ਘਾਟ ਕਾਰਨ ਦਹਾਕਿਆਂ ਤੋਂ ਲਟਕ ਰਹੇ ਪ੍ਰੋਜੈਕਟਾਂ ਨੂੰ ਸਮਾਰਟ ਸਿਟੀ ਮਿਸ਼ਨ ਦਾ ਨਾਂ ਦੇਣ ਬਾਰੇ 'ਜਗ ਬਾਣੀ' 'ਚ ਖੁਲਾਸਾ ਹੋਣ ਦੇ ਬਾਅਦ ਮੇਅਰ ਸਮੇਤ ਬੋਰਡ ਆਫ ਡਾਇਰੈਕਟਰ ਦੇ ਦੋ ਹੋਰ ਮੈਂਬਰ ਸੰਜੇ ਗੋਇਲ ਅਤੇ ਕੇ. ਐੱਨ. ਐੱਸ. ਕੰਗ ਖੁਦ ਨੂੰ ਵਿਸ਼ਵਾਸ 'ਚ ਨਾ ਲੈਣ ਦਾ ਦੋਸ਼ ਲਾਇਆ ਜਾ ਚੁੱਕਾ ਹੈ। ਮੈਂਬਰਾਂ ਦਾ ਕਹਿਣਾ ਹੈ ਕਿ ਲੁਧਿਆਣਾ 'ਚ ਲੋਕਲ ਬਾਡੀਜ਼ ਦੇ ਐਡੀਸ਼ਨਲ ਚੀਫ ਸੈਕਟਰੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਦੇ ਡਾਇਰੈਕਟਰ ਦੀ ਸਮਾਰਟ ਸਿਟੀ ਸਬੰਧੀ ਹੋ ਰਹੀ ਮੀਟਿੰਗ 'ਚ ਵੀ ਮੈਂਬਰਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ।
ਆਸ਼ੂ ਅਤੇ ਮੇਅਰ 'ਚ ਫਿਰ ਫਸ ਸਕਦਾ ਸੀ ਪੇਚ
ਇਥੇ ਦੱਸਣਾ ਉਚਿਤ ਹੋਵੇਗਾ ਕਿ ਪਿਛਲੇ ਦਿਨੀਂ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦੇ ਨਾਂ 'ਤੇ ਮੇਅਰ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਵਿਚਕਾਰ ਜੰਮ ਕੇ ਰੱਸਾਕਸ਼ੀ ਹੋਈ ਸੀ। ਇਸ 'ਚ ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ ਦਾ ਕੰਮ ਆਸ਼ੂ ਦੀ ਕੌਂਸਲਰ ਪਤਨੀ ਮਮਤਾ ਦੇ ਵਾਰਡ ਨੰ. 49 ਤੋਂ ਸ਼ੁਰੂ ਕਰਨ ਦੀ ਗੱਲ ਆਈ ਤਾਂ ਮੇਅਰ ਨੇ ਇਤਰਾਜ਼ ਜਤਾਇਆ, ਹਾਲਾਂਕਿ ਅਫਸਰਾਂ ਨੇ ਇਹ ਕਹਿ ਕੇ ਮਾਮਲਾ ਸ਼ਾਂਤ ਕੀਤਾ ਕਿ ਬਾਕੀ ਜਗ੍ਹਾ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਥੇ ਆਸ਼ੂ ਦੇ ਸਮਰਥਨ ਕਾਰਨ ਪ੍ਰੋਜੈਕਟ ਦੀ ਸ਼ੁਰੂਆਤ ਹੋ ਸਕਦੀ ਹੈ, ਜਿਸ ਸਮਾਰੋਹ ਦਾ ਚੀਫ ਗੈਸਟ ਵੀ ਮੇਅਰ ਨੂੰ ਬਣਾ ਲਿਆ ਗਿਆ ਅਤੇ ਸ਼ਾਇਦ ਇਸੇ ਕਾਰਨ ਆਸ਼ੂ ਉਸ ਵਿਚ ਸ਼ਾਮਲ ਨਹੀਂ ਹੋਏ। ਫਿਰ ਸਾਲਾਂ ਤੋਂ ਹੀ ਲਟਕ ਰਹੇ ਘਰ 'ਤੇ ਯੂ. ਆਈ. ਡੀ. ਨੰਬਰ ਪਲੇਟ ਲਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਆਸ਼ੂ ਦੇ ਘਰ ਤੋਂ ਹੋਣ ਦੀ ਗੱਲ ਆਈ ਤਾਂ ਮੇਅਰ ਨੇ ਆਪਣੇ ਘਰ 'ਤੇ ਪਹਿਲੀ ਪਲੇਟ ਲਾਉਣ ਦੀ ਮੰਗ ਰੱਖੀ, ਜਿਨ੍ਹਾਂ ਦੋਵੇਂ ਜਗ੍ਹਾ ਮਮਤਾ ਆਸ਼ੂ ਨੇ ਸ਼ਕਤੀ ਨਗਰ 'ਚ ਪਬਲਿਕ ਦੇ ਘਰ ਤੋਂ ਸ਼ੁਰੂਆਤ ਕਰ ਦਿੱਤੀ ਤਾਂ ਮੇਅਰ ਨੇ ਖੁਦ ਨੂੰ ਨਜ਼ਰਅੰਦਾਜ਼ ਕਰਨ ਬਾਰੇ ਰਿਪੋਰਟ ਮੰਗੀ। ਹੁਣ ਸਮਾਰਟ ਸਿਟੀ ਨੂੰ ਲੈ ਕੇ ਜਿਸ ਜਗ੍ਹਾ ਸਮਾਰੋਹ ਹੋ ਰਿਹਾ ਹੈ, ਉਹ ਵੀ ਵਿਧਾਇਕ ਆਸ਼ੂ ਦੇ ਇਲਾਕੇ 'ਚ ਆਉਂਦਾ ਹੈ, ਜਿੱਥੇ ਜੇਕਰ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਮੇਅਰ ਨੂੰ ਵੀ ਸੱਦਾ ਦੇਣਾ ਪੈਣਾ ਸੀ। ਇਨ੍ਹਾਂ ਦੋਵਾਂ 'ਚ ਪੇਚ ਫਸਣ ਦੇ ਡਰੋਂ ਪ੍ਰਸ਼ਾਸਨ ਨੇ ਕਮਿਸ਼ਨਰ ਨੂੰ ਅੱਗੇ ਕਰ ਦਿੱਤਾ ਹੈ।


Related News