ਦੀਵੇ ਬਣਾਉਣ ਵਾਲੇ ਗਰੀਬ ਲੋਕਾਂ ਦਾ ਕਾਰੋਬਾਰ ਹੋਇਆ ਠੱਪ

10/18/2017 7:54:10 AM

ਗਿੱਦੜਬਾਹਾ  (ਸੰਧਿਆ) - ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੇ ਦੀਵੇ ਅਤੇ ਸਰ੍ਹੋਂ ਦੇ ਤੇਲ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ ਪਰ ਹੁਣ ਲੋਕਾਂ ਵੱਲੋਂ ਇਨ੍ਹਾਂ ਦੀਵਿਆਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ। ਲੋਕ ਅੱਜਕਲ ਦੀਵਿਆਂ ਦੀ ਜਗ੍ਹਾ ਇਲੈਕਟ੍ਰਾਨਿਕਸ ਲੜੀਆਂ ਨੂੰ ਪਹਿਲ ਦੇ ਰਹੇ ਹਨ, ਜਿਸ ਕਾਰਨ ਇਹ ਦੀਵੇ ਬਣਾਉਣ ਵਾਲੇ ਗਰੀਬ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਬਜ਼ੁਰਗਾਂ ਅਨੁਸਾਰ ਇਨ੍ਹਾਂ ਦੀਵਿਆਂ ਵਿਚੋਂ ਨਿਕਲਣ ਵਾਲੇ ਧੂੰਏਂ ਨੂੰ ਐਂਟੀਬਾਇਓਟਿਕ ਦੇ ਰੂਪ ਵਿਚ ਮੰਨਿਆ ਜਾਂਦਾ ਸੀ, ਜਿਸ ਨਾਲ ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਦੇ ਪ੍ਰਦੂਸ਼ਣ 'ਤੇ ਕੰਟਰੋਲ ਹੁੰਦਾ ਸੀ।
ਇਲੈਕਟ੍ਰਾਨਿਕ ਯੁੱਗ ਕਾਰਨ ਦੀਵਿਆਂ ਨੂੰ ਮੰਦੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜ਼ਿਆਦਾਤਰ ਲੋਕਾਂ ਦਾ ਰੁਜ਼ਗਾਰ ਖਤਮ ਹੋ ਰਿਹਾ ਹੈ। ਦੀਵੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਦੱਸਿਆ ਕਿ ਉਹ ਪਹਿਲਾਂ ਦੀਵਾਲੀ ਤੋਂ ਦੋ ਮਹੀਨੇ ਪਹਿਲਾਂ ਹੀ ਦੀਵੇ ਬਣਾਉਣ ਲੱਗ ਜਾਂਦੇ ਸਨ ਤੇ ਦੀਵਾਲੀ ਤੋਂ 10 ਕੁ ਦਿਨ ਪਹਿਲਾਂ ਘਰ-ਘਰ ਜਾ ਕੇ ਦੀਵੇ ਵੇਚਣੇ ਸ਼ੁਰੂ ਕਰ ਦਿੰਦੇ ਸਨ ਪਰ ਅੱਜਕਲ ਲੋਕਾਂ ਵਿਚ ਦੀਵਿਆਂ ਪ੍ਰਤੀ ਰੁਚੀ ਘੱਟ ਗਈ ਹੈ ਤੇ ਲੋਕ ਇਲੈਕਟ੍ਰਾਨਿਕਸ ਲੜੀਆਂ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕ ਜੋ 20 ਦੀਵੇ ਲੈਂਦੇ ਸਨ, ਹੁਣ 5 ਦੀਵੇ ਲੈ ਕੇ ਖਾਨਾਪੂਰਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਲੋਕ ਦੀਵਿਆਂ ਨੂੰ ਪਹਿਲ ਦਿੰਦੇ ਸਨ ਪਰ ਹੁਣ ਘਰ-ਘਰ ਇਲੈਕਟ੍ਰਾਨਿਕਸ ਲੜੀਆਂ ਲਾਈਆਂ ਜਾਂਦੀਆਂ ਹਨ।


Related News