ਸੀ. ਬੀ. ਆਈ. ਕੋਲ ਪੰਜਾਬ ਦੇ ਕਈ ਮਾਮਲਿਆਂ ''ਤੇ ਜਾਂਚ ਦੀ ਰਫਤਾਰ ਹੌਲੀ

07/23/2017 6:44:28 AM

ਜਲੰਧਰ (ਧਵਨ)  - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਕੋਲ ਪੰਜਾਬ 'ਚ ਹੋਈਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਕਈ ਮਾਮਲੇ ਜਾਂਚ ਅਧੀਨ ਚੱਲ ਰਹੇ ਹਨ ਪਰ ਸੀ. ਬੀ. ਆਈ. ਕਈ ਸਾਲਾਂ ਤੋਂ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ 'ਚ ਅਸਫਲ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਸੂਬੇ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦਾ ਕੰਮ ਸੀ. ਬੀ. ਆਈ. ਨੂੰ ਸੌਂਪਿਆ ਗਿਆ ਸੀ ਪਰ ਇਸ 'ਚ ਵੀ ਜਾਂਚ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਥੋਂ ਤਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਸ਼ਾਮਲ ਤਾਕਤਾਂ ਨੂੰ ਜਲਦੀ ਬੇਨਕਾਬ ਕਰਨ ਲਈ ਕਿਹਾ ਸੀ ਪਰ ਅਜੇ ਵੀ ਇਸ ਬਾਰੇ ਸੀ. ਬੀ. ਆਈ. ਕੋਈ ਖੁਲਾਸਾ ਨਹੀਂ ਕਰ ਸਕੀ ਹੈ।
ਇਸ ਤਰ੍ਹਾਂ 3 ਅਪ੍ਰੈਲ 2016 ਨੂੰ ਨਾਮਧਾਰੀ ਮਾਤਾ ਚਾਂਦ ਕੌਰ ਦੀ ਹੱਤਿਆ ਕੀਤੀ ਗਈ ਸੀ, ਜਿਸਦੀ ਜਾਂਚ ਦੀ ਜ਼ਿੰਮੇਵਾਰੀ ਸੀ. ਬੀ. ਆਈ. ਨੂੰ ਸੌਂਪੀ ਗਈ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ। 23 ਅਪ੍ਰੈਲ 2016 ਨੂੰ ਸ਼ਿਵ ਸੈਨਾ ਦੇ ਨੇਤਾ ਦੁਰਗਾ ਪ੍ਰਸਾਦ ਗੁਪਤਾ ਦੀ ਹੱਤਿਆ ਹੋਈ। 6 ਅਗਸਤ 2016 ਨੂੰ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੀ ਜਲੰਧਰ 'ਚ ਹੱਤਿਆ ਕੀਤੀ ਗਈ ਤੇ ਜਾਂਚ ਦੀ ਜ਼ਿੰਮੇਵਾਰੀ ਸੀ. ਬੀ. ਆਈ. ਦੇ ਹਵਾਲੇ ਕੀਤੀ ਗਈ ਪਰ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ। ਇਸ ਤਰ੍ਹਾਂ ਸੂਬੇ 'ਚ ਹੋਈਆਂ ਕਈ ਹੋਰ ਹੱਤਿਆਵਾਂ ਦੇ ਮਾਮਲੇ ਵੀ ਸੀ. ਬੀ. ਆਈ. ਕੋਲ ਵਿਚਾਰ ਅਧੀਨ ਹਨ।
ਕੇਂਦਰੀ ਜਾਂਚ ਏਜੰਸੀ ਹੋਣ ਦੇ ਬਾਵਜੂਦ ਸੀ. ਬੀ. ਆਈ. ਵਲੋਂ ਅਜੇ ਤਕ ਕੋਈ ਖੁਲਾਸਾ ਨਾ ਕੀਤੇ ਜਾਣ ਕਾਰਨ ਉਸਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਸੀ. ਬੀ. ਆਈ. ਜੇਕਰ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਫਿਰ ਸੂਬੇ ਦੀਆਂ ਏਜੰਸੀਆਂ ਕਿਸ ਤਰ੍ਹਾਂ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਕਰ ਸਕਣਗੀਆਂ ਕਿਉਂਕਿ ਜਦੋਂ ਇਹ ਮਾਮਲੇ ਹੀ ਸੀ. ਬੀ. ਆਈ. ਦੇ ਅਧਿਕਾਰ ਖੇਤਰ 'ਚ ਹਨ ਤਾਂ ਫਿਰ ਇਨ੍ਹਾਂ ਦੀ ਜਾਂਚ ਸੂਬਾ ਪੁਲਸ ਦੇ ਅਧਿਕਾਰੀ ਨਹੀਂ ਕਰ ਸਕਦੇ ਕਿਉਂਕਿ ਸਿਰਫ ਇਕ ਏਜੰਸੀ ਹੀ ਜਾਂਚ ਦੇ ਕੰਮ ਨੂੰ ਅੱਗੇ ਵਧਾ ਸਕਦੀ ਹੈ।
ਸੂਬਾ ਪੁਲਸ ਦੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਸੀ. ਬੀ. ਆਈ. ਨੂੰ ਜਲਦੀ ਤੋਂ ਜਲਦੀ ਅਜਿਹੇ ਮਾਮਲਿਆਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਤਾਂ ਜੋ ਪਤਾ ਲਗ ਸਕੇ ਕਿ ਇਨ੍ਹਾਂ ਪਿੱਛੇ ਕਿਹੜੀਆਂ ਕੌਮਾਂਤਰੀ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ। ਸੀ. ਬੀ. ਆਈ. ਜਦੋਂ ਤਕ ਇਨ੍ਹਾਂ ਸਾਰੇ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਨਹੀਂ ਕਰਦੀ, ਉਦੋਂ ਤਕ ਜਾਂਚ ਅੱਧ-ਵਿਚਾਲੇ ਹੀ ਲਟਕੀ ਰਹਿ ਜਾਵੇਗੀ।


Related News