ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਾਅਰੇਬਾਜ਼ੀ

08/17/2017 1:45:58 AM

ਮੋਗਾ,  (ਗਰੋਵਰ/ਗੋਪੀ)-  ਬੀਤੇ ਦਿਨ ਯੂ. ਪੀ. ਦੇ ਗੋਰਖਪੁਰਾ ਦੇ ਇਕ ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ ਹੋਈ 60 ਤੋਂ ਵੱਧ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਯੂ. ਪੀ. ਦੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਨੇ ਸ਼ਹਿਰ ਦੇ ਨੇਚਰ ਪਾਰਕ 'ਚ ਰੋਸ ਮਾਰਚ ਕੱਢ ਕੇ ਯੂ. ਪੀ. ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਇਸ ਸਮੇਂ ਪੀ. ਐੱਸ. ਯੂ. ਦੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ ਨੇ ਕਿਹਾ ਕਿ ਯੂ. ਪੀ. ਦੇ ਮੁੱਖ ਮੰਤਰੀ ਦੇ ਕਥਿਤ ਸ਼ਾਸਨਕਾਲ ਦੀ ਭੇਟ ਚੜ੍ਹੇ 60 ਮਾਸੂਮ ਬੱਚਿਆਂ ਦੀ ਮੌਤ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਸਾਬਿਤ ਕਰਦਾ ਹੈ ਕਿ ਇਹ ਆਜ਼ਾਦੀ ਝੂਠੀ, ਨਕਲੀ ਅਤੇ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਹੋਣਾ ਇਹ ਚਾਹੀਦਾ ਹੈ ਕਿ ਆਜ਼ਾਦੀ ਦਿਵਸ ਨੂੰ 60 ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਤਿਰੰਗਾ ਹੇਠਾਂ ਕੀਤਾ ਜਾਂਦਾ ਪਰ ਅਜਿਹਾ ਨਾ ਹੋਣਾ ਬੜੇ ਦੁੱਖ ਦੀ ਗੱਲ ਹੈ। ਇਸ ਦੌਰਾਨ ਪੀ. ਐੱਸ. ਯੂ. ਦੇ ਜ਼ਿਲਾ ਕਮੇਟੀ ਮੈਂਬਰ ਜਗਵੀਰ ਕੌਰ ਨੇ ਯੂ. ਪੀ. ਦੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ।  ਇਸ ਮੌਕੇ ਪੀ. ਐੱਸ. ਯੂ. ਦੇ ਜ਼ਿਲਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਕਾਲਜ ਕਮੇਟੀ ਦੇ ਮੈਂਬਰ ਜੀਵਨਜੋਤ ਕੌਰ, ਛਿੰਦਰਪਾਲ ਕੌਰ, ਜਸਪ੍ਰੀਤ ਕੌਰ, ਵੀਰਪਾਲ ਕੌਰ, ਰਮਨਦੀਪ ਕੌਰ, ਸੰਦੀਪ ਸਿੰਘ, ਅਖਿਲ ਭਾਰਤੀ ਵਾਲਮੀਕਿ ਸਮਾਜਿਕ ਨਿਆਂ ਸੰਗਠਨ ਦੇ ਕਰਮਵੀਰ ਬੋਹਤ ਆਦਿ ਮੌਜੂਦ ਸਨ। 


Related News