ਰੋਜ਼ਗਾਰ ਲਈ ਆਂਗਣਵਾੜੀ ਵਰਕਰਾਂ ਵੱਲੋਂ ਨਾਅਰੇਬਾਜ਼ੀ

11/19/2017 2:30:04 AM

ਨਵਾਂਸ਼ਹਿਰ, (ਤ੍ਰਿਪਾਠੀ)- ਆਂਗਣਵਾੜੀ ਵਰਕਰਜ਼ ਯੂਨੀਅਨ ਨੇ ਅੱਜ ਬਾਰਾਂਦਰੀ ਪਾਰਕ 'ਚ ਸੰਗਠਿਤ ਬਾਲ ਵਿਕਾਸ ਸੇਵਾਵਾਂ ਨੂੰ ਬਚਾਉਣ ਤੇ ਰੋਜ਼ਗਾਰ ਗਾਰੰਟੀ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਬਖਸ਼ ਕੌਰ, ਸਰਬਜੀਤ ਕੌਰ ਤੇ ਜਸਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਕੇਂਦਰਾਂ 'ਚ ਚਲਾਈਆਂ ਜਾ ਰਹੀਆਂ ਪ੍ਰੀ-ਨਰਸਰੀ ਕਲਾਸਾਂ ਦੇ 3 ਤੋਂ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਸ਼ਿਫਟ ਕਰ ਕੇ ਉਨ੍ਹਾਂ ਦਾ ਰੋਜ਼ਗਾਰ ਖੋਹ ਰਹੀ ਹੈ, ਜਿਸ ਕਾਰਨ ਪੰਜਾਬ ਦੀਆਂ 54 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 'ਤੇ ਬੇਰੋਜ਼ਗਾਰੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ 'ਚ ਦਾਖਲ ਕੀਤੇ ਜਾ ਰਹੇ 3 ਤੋਂ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁੜ ਆਂਗਣਵਾੜੀ ਕੇਂਦਰਾਂ 'ਚ ਸ਼ਿਫਟ ਕੀਤਾ ਜਾਵੇ। ਸਰਕਾਰ ਦੇ ਆਂਗਣਵਾੜੀ ਵਰਕਰਾਂ ਵਿਰੋਧੀ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਅਨ ਦੇ ਸੱਦੇ 'ਤੇ 22 ਤੋਂ 30 ਨਵੰਬਰ ਤੱਕ ਪੰਜਾਬ 'ਚ ਕਾਂਗਰਸੀ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰ ਕੇ ਧਰਨੇ ਦਿੱਤੇ ਜਾਣਗੇ। ਬਲਾਕ ਗੜ੍ਹਸ਼ੰਕਰ, ਨਵਾਂਸ਼ਹਿਰ ਤੇ ਮਾਹਲਪੁਰ ਦੇ ਵਰਕਰ ਤੇ ਹੈਲਪਰ ਰੋਪੜ 'ਚ ਰਾਣਾ ਕੇ. ਪੀ. ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰਨਗੇ। ਇਸ ਮੌਕੇ ਜਸਵਿੰਦਰ ਕੌਰ, ਬਲਜੀਤ ਕੌਰ, ਨੀਲਮ, ਰਮਨਦੀਪ, ਸੁਰਿੰਦਰ ਕੌਰ, ਪੁਸ਼ਪਾ, ਸੁਦੇਸ਼ ਕੁਮਾਰੀ, ਨਿਰਮਲ ਕੌਰ, ਦਲਜੀਤ ਕੌਰ, ਪ੍ਰੇਮ ਲਤਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।


Related News