ਕਚਹਿਰੀ ਚੌਕ ''ਚ ਧਰਨਾ ਮਾਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ

10/19/2017 2:15:38 AM

ਅੰਮ੍ਰਿਤਸਰ,  (ਵੜੈਚ)-  ਆਰ. ਐੱਸ. ਐੱਸ. ਸ਼ਾਖਾ ਅਤੇ ਆਰ. ਟੀ. ਆਈ. ਸੈੱਲ ਦੇ ਸੰਯੋਜਕ ਰਵਿੰਦਰ ਗੋਸਾਈਂ ਦੀ ਹੱਤਿਆ ਦੀ ਨਿੰਦਾ ਕਰਦਿਆਂ ਆਰ. ਐੱਸ. ਐੱਸ. ਅਤੇ ਭਾਜਪਾ ਨੇਤਾਵਾਂ ਵੱਲੋਂ ਕਚਹਿਰੀ ਚੌਕ ਵਿਖੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੌਰਾਨ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਤੇ ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਕੰਮਾਂ ਵਿਚ ਵਾਧਾ ਹੋਇਆ ਹੈ। 2 ਨਕਾਬਪੋਸ਼ਾਂ ਵੱਲੋਂ ਸੰਘ ਦੇ ਆਗੂ ਰਵਿੰਦਰ ਗੋਸਾਈਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਹਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ, ਆਸਾਮ ਵਿਚ ਸੰਘ ਦੇ ਵਰਕਰਾਂ 'ਤੇ ਕਈ ਵਾਰ ਹਮਲੇ ਹੋਏ ਹਨ। ਪੰਜਾਬ ਵਿਚ ਸੰਘ ਦੇ ਜਗਦੀਸ਼ ਗਗਨੇਜਾ ਦੀ ਵੀ ਹੱਤਿਆ ਕੀਤੀ ਗਈ ਸੀ।
ਲੰਬੇ ਸਮੇਂ ਤੱਕ ਚੱਲੇ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਹਿੰਦੂ-ਸਿੱਖ ਭਾਈਚਾਰੇ ਨੂੰ ਮਜ਼ਬੂਤ ਕੀਤਾ ਗਿਆ ਪਰ ਅਫਸੋਸ ਦੀ ਗੱਲ ਹੈ ਕਿ ਗੁੰਡਾਗਰਦੀ, ਲੁੱਟਮਾਰ ਦੀਆਂ ਘਟਨਾਵਾਂ ਕਾਰਨ ਪੰਜਾਬ ਵਿਚ ਅੱਤਵਾਦ ਵਰਗਾ ਮਾਹੌਲ ਬਣ ਰਿਹਾ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਸਾਡੀ ਹੈ, ਗੈਰ-ਕਾਨੂੰਨੀ ਅਨਸਰਾਂ ਨੂੰ ਨੱਥ ਪਾਉਣ ਲਈ ਸਾਨੂੰ ਖੁਦ ਅੱਗੇ ਆਉਣਾ ਪਵੇਗਾ। ਭਾਜਪਾ ਸੰਘ ਦੇ ਵਰਕਰਾਂ 'ਤੇ ਹਮਲਿਆਂ ਨੂੰ ਕਦੀ ਬਰਦਾਸ਼ਤ ਨਹੀਂ ਕਰੇਗੀ।
ਧਰਨੇ ਤੋਂ ਬਾਅਦ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਨੇਤਾਵਾਂ ਵੱਲੋਂ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਜਗਦੀਸ਼ ਮਹਾਜਨ, ਕਰੁਨੇਸ਼ ਗੁਪਤਾ, ਕਮਲ ਕਪੂਰ, ਇੰਦਰਜੀਤ ਜੋਸ਼ੀ, ਰਾਕੇਸ਼ ਮਦਾਨ, ਦਿਨੇਸ਼ ਸ਼ਰਮਾ, ਐੱਸ. ਪੀ. ਕੇਵਲ ਕੁਮਾਰ, ਰਜਿੰਦਰ ਮੋਹਨ ਸਿੰਘ ਛੀਨਾ, ਬਖਸ਼ੀ ਰਾਮ ਅਰੋੜਾ, ਰਾਕੇਸ਼ ਗਿੱਲ, ਰੀਨਾ ਜੇਤਲੀ, ਲਵਲੀਨ ਵੜੈਚ, ਏਕਤਾ ਵੋਹਰਾ, ਰਾਜੇਸ਼ ਕੰਧਾਰੀ, ਮਾਨਵ ਤਨੇਜਾ, ਡਾ. ਸੁਭਾਸ਼ ਪੱਪੂ, ਅਨੁਜ ਸਿੱਕਾ, ਅਵਿਨਾਸ਼ ਸ਼ੈਲਾ, ਡਾ. ਰਾਮ ਚਾਵਲਾ, ਪੱਪੂ ਮਹਾਜਨ, ਰਮਨ ਸ਼ਰਮਾ, ਬੌਬੀ ਵੇਰਕਾ, ਸੁਰਿੰਦਰ ਦੁੱਗਲ, ਪੱਪੂ ਮਹਾਜਨ, ਨਰੇਸ਼ ਸ਼ਰਮਾ, ਰਮਨ ਰਾਠੌਰ, ਹਰਸ਼ ਖੰਨਾ, ਸੁਰੇਸ਼ ਮਹਾਜਨ, ਬਲਦੇਵ ਰਾਜ ਬੱਗਾ, ਅਨੁਜ ਭੰਡਾਰੀ, ਮੋਹਿਤ ਵਰਮਾ, ਆਸ਼ੀਸ਼ ਮਹਾਜਨ ਤੇ ਰੋਮੀ ਚੋਪੜਾ ਮੌਜੂਦ ਸਨ। 


Related News