ਡਿਪੂ ''ਚੋਂ ਮਿਲਦੀ ਘੱਟ ਕਣਕ ''ਤੇ ਭੜਕੇ ਲੋਕਾਂ ਕੀਤੀ ਨਾਅਰੇਬਾਜ਼ੀ

08/18/2017 1:03:50 AM

ਸ਼ਾਮਚੁਰਾਸੀ, (ਚੁੰਬਰ)- ਸ਼ਾਮਚੁਰਾਸੀ ਦੇ ਵੱਖ-ਵੱਖ ਵਾਰਡਾਂ ਦੇ ਡਿਪੂਆਂ 'ਚੋਂ ਸਰਕਾਰੀ ਅਨਾਜ ਖਰੀਦਣ ਵਾਲੇ ਕਾਰਡਧਾਰਕਾਂ ਵਿਚ ਕਣਕ ਦਾ ਤੋਲ ਘੱਟ ਹੋਣ ਤੇ ਹਰ ਬੋਰੇ ਪਿੱਛੇ ਵੱਧ ਪੈਸੇ ਵਸੂਲਣ 'ਤੇ ਦਰਜਨਾਂ ਲੋਕਾਂ ਦਾ ਰੋਹ ਭੜਕਣ ਦਾ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਸਸਤੇ ਅਨਾਜ ਦੇ ਕਾਰਡਧਾਰਕ ਸਰਬਜੀਤ ਫੱਤੂ, ਸੋਨੂੰ, ਪਵਨ ਕੁਮਾਰ, ਜੈ ਰਾਮ, ਸੁਖਵਿੰਦਰ, ਦੀਪੋ, ਮੇਹਰ ਚੰਦ, ਬਲਵੀਰ ਚੰਦ, ਅਸ਼ਵਨੀ ਕੁਮਾਰ, ਸੁਲਿੰਦਰ ਕੁਮਾਰ, ਰਮਾ ਸਮੇਤ ਕਈ ਹੋਰ ਲੋਕਾਂ ਨੇ ਡਿਪੂ ਹੋਲਡਰਾਂ ਖ਼ਿਲਾਫ ਕੋਟਲੀ ਚੌਕ ਸ਼ਾਮਚੁਰਾਸੀ ਵਿਚ ਡਿਪੂ 'ਚੋਂ ਮਿਲੀ ਖ਼ਰਾਬ ਅਤੇ ਘੱਟ ਤੋਲ ਵਾਲੇ ਕਣਕ ਦੇ ਬੋਰਿਆਂ ਨੂੰ ਰੱਖ ਕੇ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਸਰਬਜੀਤ ਫੱਤੂ ਸਮੇਤ ਕਈ ਲੋਕਾਂ ਨੇ ਕਿਹਾ ਕਿ ਡਿਪੂ ਹੋਲਡਰਾਂ ਵੱਲੋਂ ਆਪਣੀ ਮਨਮਰਜ਼ੀ ਕਰਦਿਆਂ ਹਰ ਬੋਰੇ ਪਿੱਛੇ ਕਾਰਡਧਾਰਕਾਂ ਤੋਂ ਪ੍ਰਤੀ ਬੋਰਾ 10 ਰੁਪਏ ਵੱਧ ਵਸੂਲੇ ਜਾਂਦੇ ਹਨ ਅਤੇ ਡਿਪੂ 'ਚੋਂ ਦਿੱਤੀ ਜਾਂਦੀ ਕਣਕ ਵੀ ਨਿਰਧਾਰਤ ਤੋਲ 30 ਕਿਲੋ ਤੋਂ ਘੱਟ ਹੁੰਦੀ ਹੈ ਜਿਸ ਵਿਚੋਂ ਕਣਕ ਕੱਢੇ ਜਾਣ ਦਾ ਖਦਸ਼ਾ ਹੈ। 
ਇਸ ਸਬੰਧੀ ਉਕਤ ਲੋਕਾਂ ਨੇ ਫੂਡ ਇੰਸਪੈਕਟਰ ਨੂੰ ਵੀ ਉਕਤ ਸਥਾਨ 'ਤੇ ਬੁਲਾਇਆ, ਜਿਸ ਨੇ ਲੋਕਾਂ ਦੇ ਰੋਹ ਨੂੰ ਡਿਪੂ ਹੋਲਡਰਾਂ 'ਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਲੋਕਾਂ ਨੇ ਕਿਹਾ ਕਿ ਸਰਕਾਰੀ ਅਨਾਜ 'ਤੇ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਡਿਪੂ ਹੋਲਡਰਾਂ ਵੱਲੋਂ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਦਿੱਤੀ ਜਾਣ ਵਾਲੀ ਕਣਕ ਵਿਚ ਬੇਹੱਦ ਖ਼ਰਾਬ ਕਣਕ ਵੀ ਲੋਕਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ ਜਿਸ ਕਣਕ ਦੀ ਰੋਟੀ ਤਾਂ ਕੀ ਦਲੀਆ ਵੀ ਨਹੀਂ ਬਣਾਇਆ ਜਾ ਸਕਦਾ। 
ਲੋਕਾਂ ਨੇ ਕਿਹਾ ਕਿ ਡਿਪੂ ਹੋਲਡਰਾਂ ਵੱਲੋਂ ਬਿਨਾਂ ਕੋਈ ਸੂਚਨਾ ਦੇ ਆਪਣੇ ਚਹੇਤਿਆਂ ਨੂੰ ਕਣਕ ਵੰਡੀ ਜਾ ਰਹੀ ਹੈ ਅਤੇ ਇਹ ਪ੍ਰਕਿਰਿਆ ਤੜਕੇ 5 ਵਜੇ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਦ ਇਸ ਮਾਮਲੇ ਬਾਰੇ ਉਕਤ ਡਿਪੂ ਹੋਲਡਰਾਂ ਨੂੰ ਭਿਣਕ ਪਈ ਤਾਂ ਉਹ ਵੀ ਰੋਸ ਪ੍ਰਗਟ ਕਰਨ ਵਾਲੇ ਸਥਾਨ 'ਤੇ ਪਹੁੰਚ ਗਏ ਤੇ ਲੋਕਾਂ ਨੂੰ ਆਪਣੀ ਸਫ਼ਾਈ ਦਿੰਦਿਆਂ ਕਹਿਣ ਲੱਗੇ ਕਿ ਜਿਵੇਂ ਹੁਣ ਕਾਰਡਧਾਰਕ ਕਹਿਣਗੇ, ਉਵੇਂ ਹੀ ਕੀਤਾ ਜਾਵੇਗਾ ਪਰ ਉਕਤ ਮਾਮਲੇ ਨੂੰ ਇਥੇ ਹੀ ਰਫਾ-ਦਫਾ ਕਰ ਦਿੱਤਾ ਜਾਵੇ। 
ਰੋਸ ਪ੍ਰਗਟ ਕਰਨ ਵਾਲੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੂੰ ਸ਼ਿਕਾਇਤ ਕਰ ਕੇ ਇਸ ਦਾ ਹੱਲ ਲੱਭਣ ਲਈ ਕਿਹਾ ਹੈ ਅਤੇ ਡਿਪੂ ਹੋਲਡਰਾਂ 'ਤੇ ਕਾਰਵਾਈ ਕਰਨ ਦੀ ਫਰਿਆਦ ਕੀਤੀ ਹੈ।  ਇਸ ਸਬੰਧੀ ਹਲਕੇ ਦੇ ਵਿਧਾਇਕ ਪਵਨ ਆਦੀਆ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਅਨਾਜ ਵੰਡ ਮੁਹਿੰਮ ਦਾ ਆਰੰਭ ਕੀਤਾ ਸੀ, ਨੂੰ ਵੀ ਲੋਕਾਂ ਨੇ ਸੂਚਨਾ ਦੇ ਦਿੱਤੀ ਹੈ। 


Related News