ਮੁਹੱਲਾ ਸੁਧਾਰ ਕਮੇਟੀ ਵੱਲੋਂ ਨਾਅਰੇਬਾਜ਼ੀ

09/22/2017 5:56:11 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਮੁਹੱਲਾ ਨਵੀਂ ਆਬਾਦੀ ਦੇ ਵਾਸੀਆਂ ਨੇ ਕੂੜਾ ਡੰਪ ਦੀ ਥਾਂ 'ਤੇ ਲੱਗਣ ਵਾਲੇ ਸੰਭਾਵਿਤ ਰੀ-ਸਾਈਕਲਿੰਗ ਪਲਾਂਟ ਖਿਲਾਫ ਡੰਪ 'ਤੇ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਸੰਭਾਵਿਤ ਪਲਾਂਟ ਨੂੰ ਹੋਰ ਥਾਂ ਸ਼ਿਫਟ ਕਰਨ ਦੀ ਮੰਗ ਕੀਤੀ।
ਇਸ ਮੌਕੇ ਗੁਰਚਰਨ ਸਿੰਘ, ਸਰਬਜੀਤ, ਮਨਜੀਤ ਕੁਮਾਰ, ਮਨਦੀਪ ਭਾਟੀਆ ਤੇ ਜਸਵੀਰ ਕੁਮਾਰ ਆਦਿ ਨੇ ਦੱਸਿਆ ਕਿ ਨਵੀਂ ਆਬਾਦੀ ਦੇ ਮੂਸਾਪੁਰ ਰੋਡ 'ਤੇ ਬਣਾਏ ਗਏ ਨਗਰ ਕੌਂਸਲ ਦੇ ਕੂੜਾ ਡੰਪ ਨੇੜੇ ਇਕ ਨਿੱਜੀ ਸਕੂਲ ਹੈ। ਇਸ ਮੁਹੱਲੇ ਵਿਚ ਐੱਸ. ਸੀ. ਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਬਾਦੀ ਵਾਲੀ ਥਾਂ ਨੇੜੇ ਪੁੱਜੇ ਕੂੜਾ ਡੰਪ ਕਾਰਨ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਇਸ ਸੰਬੰਧੀ ਨਾ ਸਿਰਫ ਹਲਕਾ ਵਿਧਾਇਕ ਅੰਗਦ ਸਿੰਘ ਦੇ ਧਿਆਨ 'ਚ ਲਿਆਂਦਾ ਗਿਆ, ਸਗੋਂ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਪ੍ਰਸਤਾਵ ਪੇਸ਼ ਕਰ ਕੇ ਇਸ ਥਾਂ 'ਤੇ ਰੀ-ਸਾਈਕਲਿੰਗ ਪਲਾਂਟ ਲਾਉਣ 'ਤੇ ਬਜ਼ਿੱਦ ਹੈ। ਮੁਹੱਲਾ ਸੁਧਾਰ ਸਭਾ ਦੇ ਨੇਤਾ ਕਾਮਰੇਡ ਗੁਰਮੇਲ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੁਹੱਲੇ ਨੇੜੇ ਇਸ ਪਲਾਂਟ ਨੂੰ ਸਥਾਪਿਤ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁਹੱਲਾ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਇਸ ਪਲਾਂਟ ਨੂੰ ਕਿਸੇ ਹੋਰ ਥਾਂ ਸ਼ਿਫਟ ਨਾ ਕੀਤਾ ਗਿਆ ਤਾਂ ਮੁਹੱਲਾ ਸੁਧਾਰ ਕਮੇਟੀ ਨਗਰ ਕੌਂਸਲ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।


Related News