ਹਰਦੀਪ ਨਗਰ ''ਚ ਹੋਏ ਸੀਤਾ ਰਾਣੀ ਦੇ ਕਤਲ ਦੇ ਮਾਮਲੇ ''ਚ 2 ਲੋਕਾਂ ਨੂੰ ਪੁਲਸ ਨੇ ਲਿਆ ਹਿਰਾਸਤ ''ਚ

10/18/2017 4:47:25 PM

ਜਲੰਧਰ(ਪ੍ਰੀਤ)— ਹਰਦੀਪ ਨਗਰ ਇਲਾਕੇ 'ਚ ਹੋਏ ਔਰਤ ਸੀਤਾ ਰਾਣੀ ਦੇ ਕਤਲ ਦਾ ਮਾਮਲਾ ਫਿਲਹਾਲ ਪੁਲਸ ਦੇ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ। ਜਿਵੇਂ-ਜਿਵੇਂ ਪੁਲਸ ਸੀਤਾ ਰਾਣੀ ਨਾਲ ਸੰਬੰਧਤ ਜਾਣਕਾਰੀ ਹਾਸਲ ਕਰ ਰਹੀ ਹੈ, ਉਵੇਂ-ਉਵੇਂ ਪੁਲਸ ਦੀ ਜਾਂਚ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਪੁਲਸ ਵੱਲੋਂ ਸੀਤਾ ਰਾਣੀ ਦੀ ਮੋਬਾਇਲ ਕਾਲ ਡਿਟੇਲ ਦੇ ਆਧਾਰ 'ਤੇ ਕਈ ਲੋਕਾਂ ਨੂੰ ਜਾਂਚ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਪੁਖਤਾ ਸੁਰਾਗ ਮਿਲਣ ਤੋਂ ਬਾਅਦ ਪੁਲਸ ਵੱਲੋਂ 2 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੀਤਾ ਰਾਣੀ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਦੱਸੀ ਜਾ ਰਹੀ ਹੈ ਅਤੇ ਉਸ ਦੇ ਗੁਪਤ ਅੰਗ 'ਤੇ ਵੀ ਸੱਟ ਦੇ ਨਿਸ਼ਾਨ ਪਾਏ ਗਏ। ਸੀਤਾ ਰਾਣੀ ਹੱਤਿਆ ਕਾਂਡ ਦੀ ਜਾਂਚ ਕਮਿਸ਼ਨਰੇਟ ਦੇ ਏ. ਡੀ. ਸੀ. ਪੀ. ਮਨਦੀਪ ਸਿੰਘ, ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਦੀ ਅਗਵਾਈ 'ਚ ਟੀਮ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਸੀਤਾ ਰਾਣੀ ਦੀ ਮੋਬਾਇਲ ਡਿਟੇਲ ਕੱਢਵਾਈ ਹੈ। ਕਾਲ ਡਿਟੇਲ ਸਾਹਮਣੇ ਆਉਣ 'ਤੇ ਪੁਲਸ ਦੀ ਜਾਂਚ ਦਾ ਘੇਰਾ ਵੀ ਵਧ ਗਿਆ ਹੈ। ਪਹਿਲਾਂ ਤਾਂ ਪੁਲਸ ਦੀ ਜਾਂਚ ਸੀਤਾ ਰਾਣੀ ਦੇ ਪਤੀ ਵੱਲ ਮੁੜੀ ਸੀ ਪਰ ਦੇਰ ਸ਼ਾਮ ਤੱਕ ਪੁਲਸ ਨੂੰ ਪਰਮਜੀਤ ਸਿੰਘ ਤੋਂ ਵੀ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ। ਹਾਲਾਂਕਿ ਪੁਲਸ ਨੇ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ ਪਰ ਪੁਲਸ ਹਰੇਕ ਐਂਗਲ ਤੋਂ ਜਾਂਚ ਕਰ ਰਹੀ ਹੈ। 
ਪਤਾ ਲੱਗਾ ਹੈ ਕਿ ਪੁਲਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਸੀਤਾ ਰਾਣੀ ਆਪਣੇ ਕੇਸਾਂ ਲਈ ਅਦਾਲਤ 'ਚ ਜਾਂਦੀ ਸੀ ਪਰ ਡਾਇਵੋਰਸੀ ਔਰਤਾਂ ਦੇ ਕੰਮ ਕਰਵਾਉਣ 'ਚ ਵੀ ਦਿਲਚਸਪੀ ਲੈਂਦੀ ਸੀ। ਇਸੇ ਕਾਰਨ ਸੀਤਾ ਰਾਣੀ ਦੀ ਸੰਪਰਕ ਲਿਸਟ 'ਚ ਕਈ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਸ ਨੇ ਸ਼ੱਕ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ। ਦੇਰ ਸ਼ਾਮ ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਕਿਹਾ ਕਿ ਮਾਮਲਾ ਜਲਦ ਹੀ ਟਰੇਸ ਕਰ ਲਿਆ ਜਾਵੇਗਾ।


Related News