ਸ਼ਰੇਆਮ ਸੁੱਟੀ ਜਾ ਰਹੀ ਹੈ ਸਰਹਿੰਦ ਨਹਿਰ ਦੇ ਕੰਢਿਆਂ ''ਤੇ ਗੰਦਗੀ

12/11/2017 1:35:26 PM

ਰੂਪਨਗਰ (ਵਿਜੇ)— ਰੂਪਨਗਰ ਤੋਂ ਲੰਘ ਰਹੀ ਸਰਹਿੰਦ ਨਹਿਰ ਦੇ ਕੰਢਿਆਂ 'ਤੇ ਨਗਰ ਕੌਂਸਲ ਤੋਂ ਹੈੱਡ ਵਰਕਸ ਤੱਕ ਕੂੜਾ ਸੁੱਟਣ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਸ਼ਹਿਰ ਵਾਸੀਆਂ ਨੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕਰਦਿਆਂ ਨਹਿਰ ਦੇ ਕੰਢਿਆਂ ਦੀ ਸਫਾਈ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਨਗਰ ਕੌਂਸਲ ਦੇ ਦਫਤਰ ਤੋਂ ਲੈ ਕੇ ਹੈੱਡ ਵਰਕਸ ਤੱਕ ਸਰਹਿੰਦ ਨਹਿਰ ਦੇ ਕੰਢਿਆਂ 'ਤੇ ਲੋਕਾਂ ਦੁਆਰਾ ਕੂੜਾ-ਕਰਕਟ ਸੁੱਟੇ ਜਾਣ ਨਾਲ ਜਿਥੇ ਪ੍ਰਦੂਸ਼ਣ ਦਾ ਖਤਰਾ ਹੈ, ਉਥੇ ਹੀ ਸਵੇਰੇ ਇਥੇ ਸੈਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਉਕਤ ਮਾਰਗ ਤੋਂ ਸਕੂਲੀ ਬੱਚੇ ਵੀ ਰੋਜ਼ਾਨਾ ਲੰਘਦੇ ਹਨ। ਹਾਲਾਂਕਿ ਨਗਰ ਕੌਂਸਲ ਨੇ ਇਥੇ ਕੂੜਾ ਆਦਿ ਨਾ ਸੁੱਟੇ ਜਾਣ ਨੂੰ ਲੈ ਕੇ ਜੁਰਮਾਨੇ ਦਾ ਬੋਰਡ ਵੀ ਲਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਨਹਿਰ ਦੇ ਕੰਢਿਆਂ ਦੇ ਨਜ਼ਦੀਕ ਕਈ ਥਾਵਾਂ 'ਤੇ ਮਲਬਾ ਸੁੱਟਿਆ ਜਾ ਰਿਹਾ ਹੈ। 

PunjabKesari
ਕੂੜਾ ਸੁੱਟਣ ਵਾਲੇ ਲੋਕਾਂ 'ਤੇ ਰੱਖੀ ਜਾਵੇਗੀ ਨਜ਼ਰ: ਸੈਨੇਟਰੀ ਇੰਸਪੈਕਟਰ
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਲਈ ਸਫਾਈ ਸੇਵਕਾਂ ਦੀ ਡਿਊਟੀ ਲਾਈ ਗਈ ਹੈ, ਜਦਕਿ ਉਨ੍ਹਾਂ ਲੋਕਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ ਜੋ ਇਥੇ ਕੂੜਾ ਸੁੱਟ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਡੀ. ਸੀ. ਵੱਲੋਂ ਸਰਹਿੰਦ ਨਹਿਰ ਦੇ ਕੰਢਿਆਂ ਦੀ ਸਫਾਈ ਹਿੱਤ ਸਮਾਜਸੇਵੀ ਸੰਗਠਨਾਂ ਨਾਲ ਬੈਠਕ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਇਸ ਮਾਮਲੇ ਵਿਚ ਅਗਲੀ ਕਾਰਵਾਈ ਜਾਂ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ।


Related News